ਬਠਿੰਡਾ: ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਨੂੰ ਲੈ ਕੇ ਨਗਰ ਨਿਗਮ ਵੱਲੋਂ ਠੇਕਾ ਇੱਕ ਐਮ.ਪੀ. ਸੋਸਾਇਟੀ ਦੀ ਕੇਅਰ ਆਫ਼ ਐਨੀਮਲਜ਼ ਐਂਡ ਸੋਸਾਇਟੀ (CAS) ਨੂੰ ਦਿਤਾ ਗਿਆ ਹੈ ਅਤੇ ਕਰੀਬ 1600/- ਰੁਪਏ ਪ੍ਰਤੀ ਕੁੱਤੇ/ਕੁੱਤੀ ਨੂੰ ਨਸਬੰਦੀ ਅਤੇ ਟੀਕਾਕਰਨ ਲਈ ਦਿੱਤਾ ਜਾ ਰਿਹਾ ਹੈ। ਪਰ, ਜੋ ਸੁਸਾਇਟੀ ਇਹ ਕੰਮ ਕਰ ਰਹੀ ਹੈ, ਉਸ ਵੱਲੋ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਇਹ ਇਲਜ਼ਾਮ ਸ਼ਹਿਰ ਦੀਆਂ ਕੁਝ ਸੰਸਥਾਵਾਂ ਅਤੇ ਪਸ਼ੂ ਪ੍ਰੇਮੀਆਂ ਵੱਲੋਂ ਲਾਏ ਜਾ ਰਹੇ ਹਨ।
ਕੁੱਤਾ/ਕੁੱਤੀ ਦੇ ਟਾਂਕੇ/ਜ਼ਖਮ ਖੁੱਲ੍ਹੇ ਹੀ ਛੱਡੇ ਜਾ ਰਹੇ: ਸਮਾਜ ਸੇਵੀਆਂ ਤੇ ਪਸ਼ੂ ਪ੍ਰੇਮੀਆਂ ਦੇ ਇਲਜ਼ਾਮ ਹਨ ਕਿ ਨਗਰ ਨਿਗਮ ਬਠਿੰਡਾ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਇਹ ਸਾਰਾ ਕੰਮ ਨਿਯਮਾਂ-ਕਾਨੂੰਨਾਂ ਅਨੁਸਾਰ ਹੋ ਰਿਹਾ ਹੈ ਜਾਂ ਨਹੀਂ। ਬਹੁਤ ਸਾਰੇ ਕੁੱਤੇ ਜੋ ਨਸਬੰਦੀ ਤੋਂ ਬਾਅਦ ਛੱਡ ਰਹੇ ਹਨ, ਉਨ੍ਹਾਂ ਦੇ ਟਾਂਕੇ/ਜ਼ਖਮ ਖੁੱਲ੍ਹੇ ਹਨ ਅਤੇ ਕੁਝ ਖੁੱਲ੍ਹ ਰਹੇ ਹਨ। ਜ਼ਖ਼ਮ ਕਾਰਨ ਕੁੱਤਿਆਂ ਵਿੱਚ ਕੀੜੇ ਪੈ ਜਾਂਦੇ ਹਨ ਅਤੇ ਜੇਕਰ ਸਮੇਂ ਸਿਰ ਜ਼ਖ਼ਮ ਦਾ ਇਲਾਜ ਨਾ ਕੀਤਾ ਜਾਵੇ ਤਾਂ ਕੁੱਤਾ/ਕੁੱਤੀ ਮਰ ਵੀ ਸਕਦੀ ਹੈ। ਉਨ੍ਹਾਂ ਦੀ ਕੇਅਰ ਆਫ਼ ਐਨੀਮਲਜ਼ ਐਂਡ ਸੁਸਾਇਟੀ ਦਾ ਸਟਾਫ਼ ਜੋ ਕਿਸੇ ਵੀ ਇਲਾਕੇ, ਗਲੀ ਆਦਿ ਤੋਂ ਕੁੱਤਿਆਂ ਨੂੰ ਚੁੱਕ ਕੇ ਲੈ ਜਾਂਦਾ ਹੈ, ਵਾਪਸੀ 'ਤੇ ਬਹੁਤ ਸਾਰੇ ਕੁੱਤਿਆਂ ਨੂੰ ਕਿਸੇ ਨਾ ਕਿਸੇ ਹੋਰ ਥਾਂ ਜਾਂ ਇਲਾਕੇ ਵਿੱਚ ਛੱਡ ਦਿੰਦਾ ਹੈ ਅਤੇ ਇਲਾਕੇ ਦੇ ਪਸ਼ੂ ਪ੍ਰੇਮੀ ਕੁੱਤੇ ਜਾ ਕੁੱਤਿਆਂ ਦੀ ਉਡੀਕ ਵਿੱਚ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ।
ਨਸਬੰਦੀ ਲਈ ਲੈ ਗਏ ਕੁੱਤਾ, ਵਾਪਸ ਨਹੀਂ ਆਇਆ: ਸਿਵਲ ਲਾਈਨ ਬਠਿੰਡਾ ਦੇ ਰਹਿਣ ਵਾਲੇ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਲੀ ਦਾ ਇੱਕ ਕੁੱਤਾ ਪਿਛਲੇ 13-14 ਦਿਨਾਂ ਤੋਂ ਵਾਪਸ ਨਹੀਂ ਆਇਆ। ਨਸਬੰਦੀ ਲਈ ਲੈ ਕੇ ਗਏ ਟੀਮ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਗੱਡੀ ਵਿੱਚੋ ਉਤਰ ਕੇ ਭੱਜ ਗਿਆ ਸੀ। ਉਨ੍ਹਾਂ ਵੱਲੋ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਹੁਣ ਮਜਬੂਰ ਹੋ ਕੇ ਮਨਜੀਤ ਸਿੰਘ ਨੇ ਉਸ ਬੇਸਹਾਰਾ ਕੁੱਤੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5,000 ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ।
ਕਾਨੂੰਨੀ ਕਾਰਵਾਈ ਦੀ ਮੰਗ: ਇੱਕ ਨਹੀਂ, ਦੋ ਨਹੀਂ, ਬਠਿੰਡਾ ਸ਼ਹਿਰ ਦੇ ਬਹੁਤ ਸਾਰੇ ਪਸ਼ੂ ਪ੍ਰੇਮੀਆਂ ਨੇ ਇਲਜ਼ਾਮ ਲਾਇਆ ਹੈ ਕਿ ਟੀਮ ਮੈਂਬਰਾਂ ਵਲੋਂ ਜਿਹੜੇ ਕੁੱਤਿਆਂ ਨੂੰ ਨਸਬੰਦੀ ਲਈ ਲੈ ਜਾਇਆ ਗਿਆ ਹੈ, ਉਹ ਪੂਰੇ ਕੁੱਤਿਆਂ ਨੂੰ ਵਾਪਸ ਨਹੀਂ ਕਰਦੇ। ਜਦੋਂ ਕੁੱਤੇ-ਕੁੱਤੀਆਂ ਨੂੰ ਚੁੱਕ ਕੇ ਲੈ ਜਾਂਦੇ ਹਨ, ਤਾਂ 8 ਦਿਨ, 10 ਦਿਨ, 12 ਦਿਨ ਅਤੇ 15 ਦਿਨ ਤੱਕ ਉਨ੍ਹਾਂ ਨੂੰ ਵਾਪਸ ਨਹੀਂ ਛੱਡਦੇ। ਜਿਨ੍ਹਾਂ ਕੁੱਤਿਆਂ ਦੀ ਨਸਬੰਦੀ ਨਹੀਂ ਕੀਤੀ ਜਾ ਸਕਦੀ, ਉਨ੍ਹਾਂ ਨੂੰ ਵੀ ਚੁੱਕ ਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ 5 ਤੋਂ 10 ਦਿਨਾਂ ਤੱਕ ਨਹੀਂ ਛੱਡਿਆ ਜਾਂਦਾ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ, ਕਲੋਨੀਆਂ 'ਚੋਂ ਬਹੁਤ ਸਾਰੇ ਕੁੱਤੇ ਗਾਇਬ ਹੋ ਚੁੱਕੇ ਹਨ, ਜਿਨ੍ਹਾਂ ਦੀ ਪਸ਼ੂ ਪ੍ਰੇਮੀਆਂ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ, ਪਰ ਨਸਬੰਦੀ ਕਰਨ ਦਾ ਜ਼ਿੰਮਾ ਚੁੱਕਣ ਵਾਲੀ ਸੰਸਥਾ ਵੱਲੋਂ ਕੋਈ ਵੀ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ ਜਾ ਰਿਹਾ। ਇਸ ਦੇ ਚਲਦੇ, ਉਨ੍ਹਾਂ ਵੱਲੋਂ ਸਬੰਧਿਤ ਸੁਸਾਇਟੀ ਅਤੇ ਨਗਰ ਨਿਗਮ ਬਠਿੰਡਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਸੰਘਰਸ਼ ਕੀਤਾ ਜਾਵੇਗਾ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ: ਉਧਰ ਇਸ ਮਾਮਲੇ 'ਤੇ ਨਗਰ ਨਿਗਮ ਕਮਿਸ਼ਨਰ ਰਾਹੁਲ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਸ਼ੂ ਪ੍ਰੇਮੀਆਂ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੁੱਤਿਆਂ ਦੀ ਨਸਬੰਦੀ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ ਅਤੇ ਕੁਝ ਕੁੱਤਿਆਂ ਦੇ ਟਾਂਕੇ ਖੁੱਲ੍ਹ ਗਏ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਕੁੱਤਿਆਂ ਦਾ ਇਲਾਜ ਕੀਤਾ ਜਾਵੇਗਾ।
ਆਈ ਏ ਐਸ ਰਾਹੁਲ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਬਕਾਇਦਾ ਨਾ ਸਬੰਧੀ ਕੀਤੇ ਜਾਣ ਵਾਲੇ ਕੁੱਤਿਆਂ ਦਾ ਰਿਕਾਰਡ ਇਕੱਠਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਟੈਗ ਲਗਾਏ ਜਾਂਦੇ ਹਨ। ਉਨ੍ਹਾਂ ਕੋਲ ਇੱਕ ਦੋ ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਪਸ਼ੂ ਪ੍ਰੇਮੀਆਂ ਵੱਲੋਂ ਇਲਜ਼ਾਮ ਲਗਾਇਆ ਹੈ ਕਿ ਨਸਬੰਦੀ ਲਈ ਜਿਥੋਂ ਕੁੱਤੇ ਲਿਆਂਦੇ ਗਏ ਸਨ, ਉੱਥੇ ਮੁੜ ਨਹੀਂ ਛੱਡੇ ਗਏ।