ਬਠਿੰਡਾ: ਬਾਦਲ ਪਿੰਡ ਲੱਗੇ ਕਿਸਾਨ ਮੋਰਚੇ ਤੋਂ ਘਰ ਵਾਪਸ ਜਾ ਰਹੇ ਕਿਸਾਨਾਂ ਦੀ ਬੱਸ ਬੀਤੀ ਰਾਤ ਨੂੰ ਪਿੰਡ ਕੋਟ ਫੱਤਾ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਇੱਕ ਕਿਸਾਨ ਮੁਖਤਿਆਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਕਈ ਕਿਸਾਨ ਜ਼ਖਮੀ ਵੀ ਹੋਏ ਹਨ। ਜ਼ਖਮੀ ਕਿਸਾਨਾਂ ਦਾ ਹਾਲ ਚਾਲ ਜਾਣਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਿਸ਼ੇਸ਼ ਤੌਰ 'ਤੇ ਹਸਪਤਾਲ ਪਹੁੰਚੇ। ਉਨ੍ਹਾਂ ਦੇ ਨਾਲ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਮੌਜੂਦ ਸਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਹਾਦਸਾ ਕੇਂਦਰ ਸਰਕਾਰ ਵੱਲੋਂ ਲਿਆਂਦੇ ਖ਼ੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਵਾਪਰਿਆ ਹੈ ਨਾ ਹੀ ਕੇਂਦਰ ਦੀ ਸਰਕਾਰ ਇਹ ਖੇਤੀ ਕਾਨੂੰਨ ਲਿਆਉਂਦੀ ਤੇ ਨਾ ਹੀ ਕਿਸਾਨ ਇਸ ਦਾ ਵਿਰੋਧ ਕਰਦੇ ਤੇ ਨਾ ਹੀ ਇਹ ਹਾਦਸਾ ਵਾਪਰਦਾ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਹੋਈ ਕਿਸਾਨ ਦੀ ਮੌਤ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਕਿਸਾਨ ਦੀ ਸ਼ਹਾਦਤ ਇੱਕ ਸ਼ਹੀਦੀ ਹੈ ਜਿਸ ਲਈ ਪੰਜਾਬ ਸਰਕਾਰ ਆਰਥਿਕ ਮੁਆਵਜ਼ਾ ਅਤੇ ਪਰਿਵਾਰ ਦੀ ਮਦਦ ਕੀਤੀ ਜਾਵੇਗੀ।
ਜਾਖੜ ਨੇ ਕਿਹਾ ਕਿ ਅੱਜ ਹਰ ਪੰਜਾਬੀ ਨੂੰ ਕਿਸਾਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਅਕਾਲੀ ਦਲ ਦੋਗਲੀ ਨੀਤੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਏ ਕਿ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ਾ ਧੱਕੇ ਨਾਲ ਲਿਆ ਗਿਆ ਹੈ ਅਤੇ ਹੁਣ ਬਾਦਲ ਪਰਿਵਾਰ ਆਪਣੀ ਸਾਖ ਬਚਾਉਣ ਦੇ ਲਈ ਡਰਾਮੇਬਾਜ਼ੀ ਕਰ ਰਿਹਾ ਹੈ ਜਦਕਿ ਲੋਕ ਪੂਰੀ ਤਰ੍ਹਾਂ ਹੁਣ ਇਸ ਨੂੰ ਜਾਣ ਚੁੱਕੇ ਹਨ।
ਇਹ ਵੀ ਪੜ੍ਹੋ;'ਜਿਹੜਾ ਕਿਸਾਨਾਂ ਨਾਲ ਖੜੂ, ਉਹੀ ਪਿੰਡਾਂ 'ਚ ਵੜੂ'