ਬਠਿੰਡਾ: ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨਾਲ ਪੰਜਾਬ ਦੇ ਕਈ ਹਿੱਸਿਆ 'ਚ ਹੜ੍ਹ ਆਉਣ ਕਾਰਨ ਪ੍ਰਸ਼ਾਸਨ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਹੋ ਗਿਆ ਹੈ। ਹੜ੍ਹ ਦੇ ਹਾਲਾਤਾਂ ਨਾਲ ਨਜਿੱਠਣ ਲਈ ਬਠਿੰਡਾ ਤੋਂ ਐੱਨਡੀਆਰਐੱਫ ਦੀਆਂ 11 ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜੋ ਹੜ੍ਹ ਨਾਲ ਪ੍ਰਭਾਵਿਤ ਵੱਖ-ਵੱਖ ਥਾਵਾਂ 'ਤੇ ਜਾ ਕੇ ਬਚਾਅ ਕਾਰਜ ਚਲਾਉਣਗੀਆਂ।
ਜਾਣਕਾਰੀ ਦਿੰਦਿਆਂ ਐੱਨਡੀਆਰਐੱਫ ਦੇ ਕਮਾਂਡਰ ਰਵੀ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਹਾਲਾਤਾਂ ਤੋਂ ਡਰਨ ਜਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਪ੍ਰਸ਼ਾਸਨ ਹਾਲਾਤਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਐੱਨਡੀਆਰਐੱਫ ਦੀਆਂ ਦਸ ਟੀਮਾਂ ਪੰਜਾਬ ਦੇ ਵੱਖ ਵੱਖ ਥਾਵਾਂ ਲਈ ਰਵਾਨਾ ਹੋ ਚੁੱਕੀਆਂ ਹਨ ਅਤੇ ਪੰਜ ਟੀਮਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਵਾਨਾਂ ਨੇ ਚਾਰ ਸੌ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਹੈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਏ ਹੋਏ ਹਨ ਅਤੇ ਹਰ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਦਾ ਕਹਿਰ, ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ
ਜ਼ਿਕਰਯੋਗ ਹੈ ਕਿ ਭਾਰੀ ਮੀਂਹ ਕਾਰਨ ਪੰਜਾਬ ਦੇ ਕਈ ਹਿੱਸਿਆਂ 'ਚ ਜਿੱਥੇ ਹੜ੍ਹ ਆਏ ਹਨ ਉੱਥੇ ਹੀ ਕਈ ਥਾਵਾਂ 'ਤੇ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਪ੍ਰਸ਼ਾਸਨ ਦਾ ਇਨ੍ਹਾਂ ਹਾਲਾਤਾਂ 'ਤੇ ਕਾਬੂ ਪਾਉਣ ਲਈ ਤਿਆਰ ਰਹਿਣਾ ਇਹ ਦੱਸਦਾ ਹੈ ਕਿ ਹਾਲਾਤਾਂ 'ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਹਰ ਸਮੇਂ ਚੌਕੰਨਾ ਹੈ।