ਬਠਿੰਡਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਰਫ਼ਿਊ ਲੱਗਿਆ ਹੋਇਆ ਹੈ। ਕਰਫਿਊ ਲੱਗੇ ਨੂੰ 40 ਦਿਨ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ, ਜਿਸ ਦੇ ਚੱਲਦੇ ਸਾਰੇ ਹੋਟਲ ਅਤੇ ਰੈਸਟੋਰੈਂਟ ਬੰਦ ਪਏ ਹਨ। ਇਨ੍ਹਾਂ ਹੋਟਲਾ ਵਿੱਚ ਜ਼ਿਆਦਾ ਕਰਮਚਾਰੀ ਉੱਤਰਾਖੰਡ ਜਾਂ ਫਿਰ ਹਿਮਾਚਲ ਪ੍ਰਦੇਸ਼ ਦੇ ਵਾਸੀ ਹਨ। ਇਨ੍ਹਾਂ ਹੋਟਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਵਾਪਸ ਪਰਤਣਾ ਚਾਹੁੰਦੇ ਹਨ। ਇਸ ਲਈ ਉਹ ਪੰਜਾਬ ਸਰਕਾਰ ਅਤੇ ਉੱਤਰਾਖੰਡ ,ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ ਤਾਂ ਕਿ ਉਹ ਆਪਣੇ ਘਰ ਵਾਪਸ ਪਹੁੰਚ ਸਕਣ।
ਹੋਟਲ ਕਰਮਚਾਰੀ ਸੋਹਨ ਸਿੰਘ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਹੋਟਲ ਇੰਡਸਟਰੀ ਨਾਲ ਜੁੜੇ ਹੋਏ ਹਨ ਅਤੇ ਬਠਿੰਡੇ ਦੇ ਵਿੱਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿੱਚ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ 150 ਤੋਂ ਜ਼ਿਆਦਾ ਵਿਅਕਤੀ ਹਨ ਜੋ ਕਿ ਵੱਖ-ਵੱਖ ਹੋਟਲ, ਰੈਸਟੋਰੈਂਟ ਵਿੱਚ ਕੰਮ ਕਰ ਰਹੇ ਹਨ ਅਤੇ ਕਰਫਿਊ ਕਾਰਨ ਇੱਥੇ ਫਸ ਕੇ ਰਹਿ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਬੀਮਾਰ ਹਨ, ਜਿਸ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਚਿੰਤਾ ਲਗਾਤਾਰ ਸਤਾ ਰਹੀ ਹੈ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 38 ਲੱਖ ਤੋਂ ਪਾਰ, 2 ਲੱਖ 69 ਹਜ਼ਾਰ ਮੌਤਾਂ
ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਨਾਂਦੇੜ ਸਾਹਿਬ ਅਤੇ ਰਾਜਸਥਾਨ ਦੇ ਮਜ਼ਦੂਰਾਂ ਵਾਂਗ ਸਰਕਾਰ ਸੁਵਿਧਾ ਪ੍ਰਦਾਨ ਕਰਵਾਉਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਕਾਇਦਾ ਇਸ ਦੇ ਲਈ ਕਿਰਾਇਆ ਦੇਣ ਨੂੰ ਵੀ ਤਿਆਰ ਹਨ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਲਈ ਕੋਈ ਬੱਸ ਜਾਂ ਫਿਰ ਟ੍ਰੇਨ ਦਾ ਪ੍ਰਬੰਧ ਕਰਵਾਇਆ ਜਾ ਸਕੇ ਤਾਂ ਕਿ ਉਹ ਆਪਣੇ ਘਰ ਵਾਪਸ ਪਰਤ ਸਕਣ।