ਬਠਿੰਡਾ: ਤਾਲਾਬੰਦੀ ਕਾਰਨ ਅੱਜ ਦੇਸ਼ ਵਿੱਚ ਕਈ ਲੋਕਾਂ ਦੀਆਂ ਮੁਸੀਬਤਾਂ ਵੀ ਵਧਦੀਆਂ ਜਾ ਰਹੀਆਂ ਹਨ। ਨਸ਼ਾ ਕਰਨ ਵਾਲੇ ਲੋਕ ਨਸ਼ਾ ਨਾ ਮਿਲਣ ਕਾਰਨ ਆਪਣਾ ਨਸ਼ਾ ਛੱਡਣ ਦੇ ਲਈ ਦੂਰੋਂ-ਦੂਰੋਂ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਪਹੁੰਚ ਰਹੇ ਹਨ।
ਇਨ੍ਹਾਂ ਨਸ਼ਾ ਛਡਾਉਣ ਵਾਲੇ ਲੋਕਾਂ ਦੀਆਂ ਕਤਾਰਾਂ ਇੰਨੀਆਂ ਜ਼ਿਆਦਾ ਹੋ ਗਈਆਂ ਕਿ ਡਾਕਟਰ ਵੀ ਇਨ੍ਹਾਂ ਮਰੀਜ਼ਾਂ ਨੂੰ ਦਵਾਈ ਨਹੀਂ ਦੇ ਪਾ ਰਹੇ। ਨਸ਼ਾ ਛੁਡਾਊ ਕੇਂਦਰ ਦੇ ਬਾਹਰ ਖੜ੍ਹੇ ਇਹ ਲੋਕ ਦੱਸ ਰਹੇ ਹਨ ਕਿ ਉਹ ਅੱਜ ਸਵੇਰ ਤੋਂ ਹੀ ਨਸ਼ਾ ਛਡਾਉਣ ਲਈ ਦਵਾਈ ਲੈਣ ਲਈ ਸਰਕਾਰੀ ਸਿਵਲ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਆਏ ਸੀ।
ਇਹ ਲੋਕ ਭੁੱਕੀ, ਅਫੀਮ, ਚਿੱਟੇ ਦਾ ਨਸ਼ਾ ਜਾਂ ਫਿਰ ਨਸ਼ੀਲੀਆਂ ਗੋਲੀਆਂ ਖਾਣ ਦੇ ਆਦੀ ਹਨ ਪਰ ਹੁਣ ਤਾਲਾਬੰਦੀ ਕਾਰਨ ਉਨ੍ਹਾਂ ਨੂੰ ਨਸ਼ਾ ਨਹੀਂ ਮਿਲ ਰਿਹਾ ਅਤੇ ਨਾ ਹੀ ਉਨ੍ਹਾਂ ਕੋਲ ਇੰਨਾ ਪੈਸਾ ਹੈ ਕਿ ਉਹ ਆਪਣਾ ਪਰਿਵਾਰ ਪਾਲ ਸਕਦੇ ਹਨ ਅਤੇ ਨਸ਼ਾ ਨਾ ਮਿਲਣ ਕਾਰਨ ਉਨ੍ਹਾਂ ਦਾ ਹਾਲ ਬੇਹਾਲ ਹੋ ਚੁੱਕਿਆ ਹੈ ਜਿਸ ਕਾਰਨ ਉਹ ਇੱਥੇ ਦਵਾਈ ਲੈਣ ਲਈ ਆਏ ਸੀ ਪਰ ਡਾਕਟਰ ਸਾਹਿਬਾਨ 12 ਵਜੇ ਤੋਂ 3 ਵਜੇ ਤੱਕ ਹੀ ਦਵਾਈਆਂ ਦੇ ਕੇ ਚਲੇ ਗਏ। ਇਸ ਲਈ ਉਨ੍ਹਾਂ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਦਵਾਈ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਦਵਾਈ ਨਾ ਦੇਣ ਤੇ ਆਤਮ ਹੱਤਿਆ ਕਰਨ ਦੀ ਵੀ ਚੇਤਾਵਨੀ ਦਿੱਤੀ।