ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਜਥੇਬੰਦੀ ਦੇ ਸੂਬਾ ਆਗੂਆਂ ਨੇ ਟੀਚਰ ਹੋਮ ਬਠਿੰਡਾ ਵਿਖੇ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਅੰਦਰ ਇਨ੍ਹਾਂ ਆਗੂਆਂ ਨੇ 26 ਜਨਵਰੀ ਨੂੰ ਹਰਿਆਣਾ ਦੇ ਜੀਂਦ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਉੱਤਰੀ ਭਾਰਤ ਦੇ 6 ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਮਹਾਂ ਪੰਚਾਇਤ ਦੇ ਮਕਸਦਾਂ ਅਤੇ ਤਿਆਰੀਆਂ ਬਾਰੇ ਦੱਸਿਆ।
ਪ੍ਰੋਗਰਾਮ ਦੀ ਰੂਪ ਰੇਖਾ ਤੈਅ: ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਮਹਾਂ ਪੰਚਾਇਤ ਦਾ ਇੱਕ ਅਹਿਮ ਮਕਸਦ ਦੱਸਦਿਆਂ ਕਿਹਾ ਕਿ ਭਾਵੇਂ ਮੋਦੀ ਹਕੂਮਤ ਨੇ ਇਤਿਹਾਸਕ ਕਿਸਾਨ ਸੰਘਰਸ਼ ਦੇ ਭਾਰੀ ਦਬਾਅ ਅੱਗੇ ਝੁਕਦਿਆਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ ਸਨ, ਪਰ ਸੰਘਰਸ਼ ਦੀ ਸਮਾਪਤੀ ਸਮੇ ਇਸ ਦੀਆਂ ਬਹੁਤ ਅਹਿਮ ਮੰਗਾਂ ਹੁਣ ਵੀ ਖੜੀਆਂ ਹਨ, ਜਿੰਨ੍ਹਾਂ ਨੂੰ ਪੂਰਾ ਕਰਨ ਦਾ ਹਕੂਮਤ ਨੇ ਵਾਅਦਾ ਕੀਤਾ ਸੀ ਪਰ ਜਿੰਨ੍ਹਾਂ ਵਿੱਚੋਂ ਉਸ ਨੇ ਇੱਕ ਵੀ ਮੰਗ ਪੂਰੀ ਨਹੀਂ ਕੀਤੀ। ਜੋਗਿੰਦਰ ਉਗਰਾਹਾਂ ਨੇ ਕਿਹਾ ਕਿ 26 ਜਨਵਰੀ ਨੂੰ ਪੰਜਾਬ ਅੰਦਰ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਇਕੱਠ ਕਰਕੇ ਟਰੈਕਟਰ ਮਾਰਚ ਕੱਢਣਗੇ ਉੱਥੇ ਹੀ ਜੀਂਦ ਵਿੱਚ ਮਹਾਂ ਪੰਚਾਇਤ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਪ੍ਰੋਗਰਾਮ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਰੂਪ ਰੇਖਾ ਵੀ ਤੈਅ ਕਰ ਲਈ ਗਈ ਹੈ।
ਮੰਗਾਂ ਇਸ ਪ੍ਰਕਾਰ ਹਨ: ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਵੱਖ ਵੱਖ ਮੰਗਾਂ ਨੂੰ ਪੂਰਾ ਨਹੀਂ ਕੀਤਾ ਅਤੇ ਇਹ ਮੰਗਾਂ ਇਸ ਪ੍ਰਕਾ ਹਨ, ਮੁਲਕ ਅੰਦਰ 23 ਫਸਲਾਂ ਉੱਤੇ ਐੱਮ ਐੱਸ ਪੀ ਦੇਣਾ, ਲਖੀਮਪੁਰਖੀਰੀ ਨਾਲ ਸਬੰਧਤ ਕੇਸ ਵਿੱਚ ਕੇਂਦਰੀ ਮੰਤਰੀ ਅਜੈ ਟੈਣੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਇਸ ਕੇਸ ਵਿੱਚ ਗ੍ਰਿਫ਼ਤਾਰ ਕਰਨਾ ਅਤੇ ਕਿਸਾਨ ਆਗੂਆਂ ਉੱਪਰ ਬਣਾਏ ਗਏ ਕਤਲ ਕੇਸ ਵਾਪਸ ਕਰਨਾ, ਸ਼ਹੀਦ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜਾ ਦੇਣਾ, ਮੁਲਕ ਭਰ ਅੰਦਰ ਇਸ ਸੰਘਰਸ਼ ਨਾਲ ਸਬੰਧਤ ਸਾਰੇ ਕੇਸ ਵਾਪਸ ਕਰਨਾ, ਦੇਸ਼ ਦੇ ਦੇ ਕਿਸਾਨਾਂ ਤੋਂ ਸਾਰਾ ਕਰਜ਼ਾ ਖਤਮ ਕਰਨਾ, 60 ਸਾਲ ਤੋਂ ਵੱਧ ਉੱਮਰ ਦੇ ਕਿਸਾਨਾਂ ਨੂੰ ਪੈਨਸ਼ਨ ਦੇਣਾ, ਬਿਜਲੀ ਬਿੱਲ 2020 ਵਾਪਸ ਲੈਣਾ ਅਤੇ ਸਾਰੀਆਂ ਖੇਤੀ ਫਸਲਾਂ ਦਾ ਬੀਮਾ ਯਕੀਨੀ ਕਰਨਾ। ਉਨ੍ਹਾਂ ਕਿਹਾ ਇਸ ਮਹਾਂ ਪੰਚਾਇਤ ਦਾ ਇੱਕ ਅਹਿਮ ਮਕਸਦ ਇਹਨਾਂ ਮੰਗਾਂ ਨੂੰ ਸੰਘਰਸ਼ ਮੰਗਾਂ ਵਜੋਂ ਫਿਰ ਤੋਂ ਜ਼ੋਰ ਨਾਲ ਉਭਾਰਨਾ ਹੋਵੇਗਾ।
ਇਹ ਵੀ ਪੜ੍ਹੋ: ਜਨਤਕ ਥਾਂ ਉੱਤੇ ਸ਼ਰੇਆਮ ਸਿਗਰਟ ਪੀ ਰਿਹਾ ਸੀ ਨੌਜਵਾਨ, ਜਦੋਂ ਪੁਲਿਸ ਨੇ ਰੋਕਿਆ ਤਾਂ ਹੋਇਆ ਹਾਈਵੋਲਟੇਜ ਡਰਾਮਾ, ਤੁਸੀਂ ਵੀ ਦੇਖੋ ਤਸਵੀਰਾਂ...
ਇਸ ਮਹਾਂ ਪੰਚਾਇਤ ਦਾ ਦੂਜਾ ਅਹਿਮ ਮਕਸਦ ਦੱਸਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਅੱਜ ਤੋਂ 2 ਸਾਲ ਪਹਿਲਾਂ 26 ਜਨਵਰੀ 2021 ਨੂੰ ਮੋਦੀ ਹਕੂਮਤ ਨੇ ਫਿਰਕੂ ਪੱਤਾ ਖੇਡਦਿਆਂ ਸੰਘਰਸ਼ ਤੋਂ ਪਰਾਈਆਂ ਫਿਰਕੂ ਸ਼ਕਤੀਆਂ ਨਾਲ ਸਾਂਠਗਾਂਠ ਕਰਦਿਆਂ ਸੰਘਰਸ਼ ਨੂੰ ਕੁਚਲਨ ਦੀ ਸਾਜ਼ਿਸ਼ ਰਚੀ ਸੀ ਜੋ ਕਿ ਕਿਸਾਨ ਜਨਤਾ ਦੀ ਤਾਕਤ ਦੇ ਜ਼ੋਰ ਅਤੇ ਕਿਸਾਨ ਸੰਘਰਸ਼ ਅੰਦਰਲੀਆਂ ਅਹਿਮ ਕਿਸਾਨ ਜਥੇਬੰਦੀਆਂ ਦੀ ਦਰੁੱਸਤ ਪੁਹੰਚ ਅਤੇ ਦਮਖਮ ਦੇ ਜ਼ੋਰ ਨਕਾਮ ਕਰ ਦਿੱਤੀ ਗਈ ਸੀ।