ਬਠਿੰਡਾ: ਇੱਥੇ ਰਹਿਣ ਵਾਲੇ ਇੱਕ ਮੁਸਲਿਮ ਲੜਕੇ ਨੇ ਇੱਕ ਹਿੰਦੂ ਲੜਕੀ ਦੇ ਨਾਲ ਕੁੱਝ ਦਿਨ ਪਹਿਲਾਂ ਵਿਆਹ ਕਰਵਾ ਲਿਆ ਸੀ। ਇਸ ਗੱਲ ਨੂੰ ਲੈ ਕੇ ਬਕਾਇਦਾ ਤੌਰ 'ਤੇ ਰਾਜਨੀਤੀ ਵੀ ਸ਼ੁਰੂ ਹੋ ਚੁੱਕੀ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਤਹਿਤ ਅਪਰਾਧਿਕ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ਨੂੰ ਲੈ ਕੇ ਵੀਨੂੰ ਗੋਇਲ ਦਾ ਕਹਿਣਾ ਹੈ ਕਿ ਲੜਕਾ ਜੋ ਕਿ ਮੁਸਲਮਾਨ ਹੈ, ਉਸ ਨੇ ਆਪਣਾ ਅਸਲ ਨਾਂਅ ਲੁਕਾ ਕੇ ਰੱਖਿਆ ਅਤੇ ਆਪਣਾ ਨਾਂਅ ਦੀਪਕ ਕੁਮਾਰ ਦੱਸ ਕਿ ਲੜਕੀ ਨਾਲ ਵਿਆਹ ਕਰਵਾਇਆ ਹੈ।
ਭਾਰਤੀ ਜਨਤਾ ਪਾਰਟੀ ਦੇ ਆਗੂ ਮਨੀਸ਼ ਦਾ ਕਹਿਣਾ ਹੈ ਕਿ ਸਰਾਂ ਨੂੰ ਇਸ ਕੇਸ ਵਿੱਚ ਬੇਵਜ੍ਹਾਹ ਸ਼ਾਮਿਲ ਕੀਤਾ ਗਿਆ ਹੈ ਜਦਕਿ ਅਜਿਹਾ ਕੁੱਝ ਹੋਇਆ ਹੀ ਨਹੀਂ।
ਇਸ ਮਾਮਲੇ ਸਬੰਧੀ ਥਾਣਾ ਕੈਨਾਲ ਕਾਲੋਨੀ ਦੇ ਐੱਸ.ਐੱਚ.ਓ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਰਵੀਨਾ ਨਾਂਅ ਦੀ ਇੱਕ ਬਾਲਿਗ ਲੜਕੀ ਨੇ ਦੀਪਕ ਕੁਮਾਰ ਵਾਸੀ ਜੋਗੀ ਨਗਰ ਦੇ ਨਾਲ ਵਿਆਹ ਕਰਵਾ ਲਿਆ ਸੀ। ਬਕਾਇਦਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਵੀ ਇੰਨ੍ਹਾਂ ਨੇ ਆਪਣੀ ਸੁਰੱਖਿਆ ਵਾਸਤੇ ਗੁਹਾਰ ਲਗਾਈ ਸੀ।
ਕੁਮਾਰ ਨੇ ਦੱਸਿਆ ਕਿ ਰਵੀਨਾ ਨੇ ਪੁਲਿਸ ਨੂੰ ਜਿਹੜੇ ਬਿਆਨ ਦਿੱਤੇ ਉਸ ਵਿੱਚ ਕਿਹਾ ਗਿਆ ਕਿ ਉਸ ਨੇ ਹਿੰਦੂ ਧਾਰਮਿਕ ਰੀਤੀ-ਰਿਵਾਜਾਂ ਦੇ ਨਾਲ ਦੀਪਕ ਨਾਲ ਵਿਆਹ ਕਰਵਾ ਲਿਆ ਹੈ। ਪਰ ਉਸ ਦਾ ਪਰਿਵਾਰ ਨਹੀਂ ਇਸ ਵਿਆਹ ਨੂੰ ਨਹੀਂ ਮੰਨਦਾ।
ਐੱਸ.ਐੱਚ.ਓ ਨੇ ਦੱਸਿਆ ਕਿ ਸੋਮਵਾਰ ਦੀ ਦੁਪਹਿਰ ਨੂੰ ਰਵੀਨਾ ਆਪਣੇ ਘਰ ਵਿੱਚ ਸੀ। ਉਸ ਦਾ ਪਿਤਾ, ਦਾਦਾ, ਮਾਸੜ ਅਤੇ ਗਲੀ ਦਾ ਲੜਕਾ ਰਿੰਕੂ ਉਸ ਦੇ ਘਰ ਵਿੱਚ ਵੜੇ ਅਤੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਜਿਸ ਦੀ ਰਵੀਨਾ ਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ।
ਪੁਲਿਸ ਦੇ ਅਨੁਸਾਰ ਲੜਕੀ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਹੈ ਕਿ ਇੱਕ ਸੁਖਪਾਲ ਸਿੰਘ ਸਰਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਗੁੰਮਰਾਹ ਕਰਕੇ ਉਸ ਨੂੰ ਅਤੇ ਉਸ ਦੇ ਸਹੁਰਾ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਵਿੱਚ ਉਸ ਦੇ ਪਰਿਵਾਰ ਦੀ ਮਦਦ ਕਰ ਰਿਹਾ ਹੈ।
ਥਾਣਾ ਕੈਨਾਲ ਕਨੋਲੀ ਦੇ ਐੱਸ.ਐੱਚ.ਓ ਸੁਨੀਲ ਕੁਮਾਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਕਰਮਜੀਤ, ਸੁਨੀਤਾ ਰਾਣੀ ,ਮੋਤੀ ਰਾਮ, ਰਿੰਕੂ ਮੋਨੂੰ, ਚੀਨੂੰ ਅਤੇ ਸੁਖਪਾਲ ਸਿੰਘ ਸਰਾਂ ਤੋਂ ਇਲਾਵਾ ਕੁਲਦੀਪ ਯਾਦਵ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।