ਬਠਿੰਡਾ: ਗੁਰਦਾਸਪੁਰ ਦੇ ਡੀਸੀ ਨਾਲ ਗ਼ਲਤ ਸ਼ਬਦਾਵਲੀ ਦੇ ਦੋਸ਼ ਦੇ ਤਹਿਤ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਦਰਜ ਮਾਮਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਮੰਗਲਵਾਰ ਨੂੰ ਡੀਸੀ ਦਫ਼ਤਰ ਦੇ ਬਾਹਰ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਪਾਰਟੀ ਵਰਕਰਾਂ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਉਤੇ ਜੋ ਪਰਚਾ ਦਰਜ ਹੋਇਆ ਹੈ ਉਹ ਬਦਲੇ ਦੀ ਰਾਜਨੀਤੀ ਦੇ ਤਹਿਤ ਕਰਵਾਇਆ ਗਿਆ ਹੈ, ਕਿਉਂਕਿ ਸਿਮਰਜੀਤ ਬੈਂਸ ਨੇ ਸਿਟੀ ਸੈਂਟਰ ਘੋਟਾਲੇ ਦੀ ਜਾਂਚ ਲਈ ਹਾਈ ਕੋਰਟ ਵਿੱਚ ਅਪੀਲ ਪਾਈ ਹੈ ਇਸ ਲਈ ਕੈਪਟਨ ਨੇ ਬੈਂਸ ਉਤੇ ਦਬਾਅ ਪਾਉਣ ਲਈ ਇਹ ਝੂਠਾ ਪਰਚਾ ਕਰਵਾਇਆ ਹੈ
ਬਟਾਲਾ ਡੀਸੀ ਨਾਲ ਬੈਂਸ ਦੀ ਹੋਈ ਬਹਿਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਡੀਸੀ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਬੈਂਸ ਬਟਾਲਾ ਹਾਦਸੇ ਦਾ ਸ਼ਿਕਾਰ ਹੋਏ ਇੱਕ ਪਰਿਵਾਰ ਦੀ ਮਦਦ ਲਈ ਡੀਸੀ ਕੋਲ ਗਏ ਸਨ ਜਿਨ੍ਹਾਂ ਨੂੰ ਡੀਸੀ ਨੇ ਆਪਣੇ ਕਮਰੇ ਵਿਚੋਂ ਬਾਹਰ ਕੱਢ ਦਿਤਾ ਸੀ। ਪਾਰਟੀ ਵਰਕਰਾਂ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਇਹ ਭ੍ਰਿਸ਼ਟ ਲੋਕਾਂ ਦੀ ਹਮੇਸ਼ਾ ਪੋਲ ਖੋਲ੍ਹਣ ਦਾ ਕੰਮ ਕਰਦੀ ਹੈ ਇਸ ਲਈ ਪਾਰਟੀ ਤੋਂ ਅਫ਼ਸਰਸ਼ਾਹੀ ਡਰਦੀ ਹੈ।
ਵਰਕਰਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ, "ਅਸੀਂ ਝੂਠਾ ਪਰਚਾ ਰੱਦ ਕਰਵਾ ਕੇ ਹੀ ਰਵਾਂਗੇ। ਜੇ ਸਾਨੂੰ ਸੰਘਰਸ਼ ਹੋਰ ਤੇਜ਼ ਕਰਨਾ ਪਿਆ ਤਾਂ ਅਸੀਂ ਬਸਾ, ਰੇਲ ਗੱਡੀਆਂ ਤੱਕ ਰੋਕਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਰਕਾਰਾਂ ਤੁਹਾਡੇ ਕਰਕੇ ਹਨ ਤੁਸੀਂ ਸਰਕਾਰ ਕਰਕੇ ਨਹੀਂ ਹੋ।"