ਬਠਿੰਡਾ: ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ, ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਐਕਸ਼ਨ ਕੀਤੇ ਜਾ ਰਹੇ ਹਨ। ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ, ਉੱਥੇ ਹੀ ਨਸ਼ੇ ਦੇ ਕਾਰੋਬਾਰ ਤੋਂ ਬਣਾਈਆਂ ਹੋਈਆਂ ਪ੍ਰਾਪਰਟੀਆਂ ਵੀ ਸੀਲ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੀ ਨੌਜਵਾਨ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਖਰੇ ਉਪਰਾਲੇ ਵਿੱਢੇ ਗਏ ਹਨ।
ਪਤੰਗਬਾਜ਼ੀ ਦਾ ਮੁਕਾਬਲਾ, ਕੋਈ ਐਂਟਰੀ ਫੀਸ ਨਹੀਂ: ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ 21 ਜਨਵਰੀ 2024 ਨੂੰ ਪਤੰਗਬਾਜ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲੇ ਦਾ ਮੁੱਖ ਉਦੇਸ਼ ਆਉਣ ਵਾਲੀ ਪੀੜੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਪਤੰਗਬਾਜੀ ਮੁਕਾਬਲੇ ਦੀ ਐਂਟਰੀ ਮੁਫ਼ਤ ਹੋਵੇਗੀ, ਕਿਸੇ ਵੀ ਉਮੀਦਵਾਰ ਤੋਂ ਕੋਈ ਵੀ ਐਂਟਰੀ ਫੀਸ ਨਹੀਂ ਲਈ ਜਾਵੇਗੀ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਅਕਤੀ ਫਾਰਮ ਭਰ ਕੇ 15 ਜਨਵਰੀ 2024 ਤੱਕ ਰਜਿਸਟਰੇਸ਼ਨ ਕਰ ਸਕਦੇ ਹਨ। ਪਤੰਗਬਾਜ਼ੀ ਮੁਕਾਬਲਿਆਂ ਦੀ ਕੋਈ ਐਂਟਰੀ ਫੀਸ ਨਹੀ ਅਤੇ ਨਾ ਹੀ ਕੋਈ ਰਜਿਸਟਰੇਸ਼ਨ ਫੀਸ ਹੈ। ਰਜਿਸਟਰੇਸ਼ਨ ਹੋਣ ਉੱਤੇ ਐਂਟਰੀ ਨੰਬਰ ਦਿੱਤਾ ਜਾਵੇਗਾ।
ਇਹ ਹੋਣਗੇ ਨਿਯਮ: ਪਤੰਗਬਾਜੀ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਪਤੰਗ ਅਤੇ ਡੋਰ ਮੌਕੇ ਉੱਤੇ ਹੀ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਮੁਕਾਬਲਿਆਂ ਨੂੰ 2 ਭਾਗਾਂ (20 ਸਾਲ ਤੱਕ ਤੇ 20 ਸਾਲ ਤੋਂ ਉੱਪਰ ਉਮਰ ਵਰਗ) ਵਿੱਚ ਵੰਡਿਆਂ ਗਿਆ ਹੈ। ਮੁਕਾਬਲੇ ਵਿੱਚ 100 ਉਮੀਦਵਾਰ ਦੀ ਰਜਿਸਟਰੇਸ਼ਨ ਸਵੀਕਾਰ ਕੀਤੀ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਦੀ ਰਜਿਸਟਰੇਸ਼ਨ ਪਹਿਲਾਂ ਹੋ ਗਈ ਹੈ, ਉਹੀ ਉਮੀਦਵਾਰ ਭਾਗ ਲੈਣਗੇ। ਉਮੀਦਵਾਰ ਕੋਲ ਆਪਣਾ ਪਛਾਣ ਪੱਤਰ ਹੋਣ ਉੱਤੇ ਐਂਟਰੀ ਹੋਵੇਗੀ। ਇਸ ਦੌਰਾਨ ਕੋਈ ਵੀ ਮਾਰੂ ਹਥਿਆਰ, ਚਾਕੂ, ਲੇਜ਼ਰ ਯੰਤਰ ਆਦਿ ਦੀ ਸਖ਼ਤ ਮਨਾਹੀ ਹੈ। ਨਾਈਲੋਨ, ਸਿਲੀਕੋਨ ਤੇ ਹੋਰ ਪਾਬੰਦੀਸ਼ੁਦਾ ਚਾਈਨਾ ਡੋਰ ਵਰਤਨ ਦੀ ਸਖ਼ਤ ਮਨਾਹੀ ਹੋਵੇਗੀ।
ਹੋਰ ਵੀ ਕਈ ਮੁਕਾਬਲੇ ਕਰਵਾਏ ਜਾਂਦੇ ਹਨ : ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਮਨੋਰੋਗ ਮਾਹਿਰ ਡਾਕਟਰ ਅਰੁਣ ਗੁਪਤਾ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸ ਤੋਂ ਪਹਿਲਾਂ ਵੀ ਖੇਡ ਮੇਲੇ, ਸਾਈਕਲਿੰਗ, ਮੈਰਾਥਾਨ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਂਦੇ ਰਹੇ ਹਨ, ਤਾਂ ਜੋ ਨਸ਼ਿਆਂ ਸੰਬੰਧੀ ਨੌਜਵਾਨਾਂ ਨੂੰ ਜਿੱਥੇ ਜਾਗਰੂਕ ਕੀਤਾ ਜਾ ਸਕੇ। ਉੱਥੇ ਹੀ, ਉਨ੍ਹਾਂ ਦਾ ਧਿਆਨ ਨਸ਼ੇ ਤੋਂ ਹਟਾਇਆ ਜਾ ਸਕੇ।
ਨੌਜਵਾਨ ਨਸ਼ਾ ਛੱਡਣ ਲਈ ਅੱਗੇ ਆ ਰਹੇ: ਅਰੁਣ ਗੁਪਤਾ ਨੇ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ ਜਿਸ ਦਾ ਇਲਾਜ ਸੰਭਵ ਹੈ। ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨਾਂ ਕੋਲ 21 ਓਟ ਸੈਂਟਰ ਵਿੱਚ 25 ਹਜ਼ਾਰ ਦੇ ਕਰੀਬ ਨੌਜਵਾਨ ਨਸ਼ਾ ਛੱਡਣ ਲਈ ਰਜਿਸਟਰਡ ਹਨ। ਇਨ੍ਹਾਂ 25 ਹਜ਼ਾਰ ਨੌਜਵਾਨਾਂ ਵਿੱਚੋਂ 65 ਫੀਸਦੀ ਨੌਜਵਾਨ ਲਗਾਤਾਰ ਉਨ੍ਹਾਂ ਕੋਲ ਦਵਾਈ ਲੈਣ ਆਉਂਦੇ ਹਨ। ਇਹ ਦਵਾਈ ਸਰਕਾਰ ਵੱਲੋਂ ਮੁਫਤ ਉਪਲਬਧ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਨਸ਼ਾ ਛੁਡਾਊ ਕੇਂਦਰ ਵਿੱਚ 30 ਦੇ ਕਰੀਬ ਨੌਜਵਾਨ ਨਸ਼ਾ ਛੱਡਣ ਲਈ ਦਾਖਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਇਹ ਉਪਰਾਲੇ ਕੀਤੇ ਜਾ ਰਹੇ ਹਨ, ਇਹ ਨੌਜਵਾਨਾਂ ਲਈ ਲਾਹੇਵੰਦ ਹੋਣਗੇ ਅਤੇ ਨੌਜਵਾਨ ਨਸ਼ਿਆਂ ਤੋਂ ਰਹਿਤ ਹੋ ਕੇ ਆਪਣਾ ਜੀਵਨ ਵਧੀਆ ਜਿਉਣਗੇ।