ਬਠਿੰਡਾ: ਸੰਸਦ ਮੈਂਬਰ ਭਗਵੰਤ ਮਾਨ ‘ਆਪ’ ਵੱਲੋਂ 21 ਮਾਰਚ ਨੂੰ ਬਾਘਾਪੁਰਾਣਾ (ਮੋਗਾ) ਵਿੱਚ ਕੀਤੇ ਜਾ ਰਹੇ ਕਿਸਾਨ ਮਹਾਂਸੰਮੇਲਨ ਲਈ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੇ ਲਈ ਉਨ੍ਹਾਂ ਨੇ ਬਠਿੰਡਾ ਦੇ ਵਿੱਚ ਬਕਾਇਦਾ ਆਪਣੇ ਅਹੁਦੇਦਾਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਅਪੀਲ ਕੀਤੀ ਕਿ ਉਹ ਕਾਲੇ ਕਾਨੂੰਨਾਂ ਵਿਰੁੱਧ ਰੱਖੇ ਗਏ ਕਿਸਾਨ ਮਹਾਂ ਸੰਮੇਲਨ ’ਚ ਪੁੱਜ ਰਹੇ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕਰਨ ਲਈ ਜ਼ਰੂਰ ਪੁੱਜਣ।
ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਸੰਘਰਸ਼ ਲੰਮਾ ਜ਼ਰੂਰ ਹੋ ਗਿਆ ਹੈ, ਪ੍ਰੰਤੂ ਇਹ ਅੰਦੋਲਨ ਹੁਣ ਪੰਜਾਬ, ਹਰਿਆਣਾ ਅਤੇ ਪੱਛਮੀ ਉਤਰ ਪ੍ਰਦੇਸ਼ ਤੋਂ ਬਾਅਦ ਰਾਜਸਥਾਨ, ਪੂਰੇ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਤੋਂ ਲੈ ਕੇ ਦੱਖਣੀ ਭਾਰਤ ਅਤੇ ਪੱਛਮੀ ਬੰਗਾਲ ਤੱਕ ਫੈਲ ਰਿਹਾ ਹੈ। ਹੁਣ ਨਾ ਕੇਵਲ ਕਾਲੇ ਕਾਨੂੰਨਾਂ ਵਿਰੁੱਧ ਫਤਿਹ ਲੈ ਕੇ ਮੁੜਾਂਗੇ ਸਗੋਂ ਮੋਦੀ ਸਰਕਾਰ ਦੀਆਂ ਜੜਾਂ ਪੁੱਟਕੇ ਹੀ ਦਮ ਲਵਾਂਗੇ।