ਬਠਿੰਡਾ: ਪਿਛਲੇ ਕਾਫੀ ਦਿਨ੍ਹਾਂ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅਫਵਾਹਾਂ ਚੱਲ ਰਹੀਆਂ ਸੀ ਕਿ ਅੰਮ੍ਰਿਤਪਾਲ ਵਿਸਾਖੀ ਵਾਲੇ ਦਿਨ ਸਰੰਡਰ ਕਰ ਸਕਦਾ ਹੈ, ਜਿਸ ਤੋਂ ਬਾਅਦ ਕਿਆਸਰੀਆਂ ਲਗਾਈਆਂ ਜਾ ਰਹੀਆਂ ਸੀ ਕਿ ਅੰਮ੍ਰਿਤਪਾਲ ਅੱਜ ਵਿਸਾਖੀ ਦੇ ਮੇਲੇ ਤੇ ਆ ਸਕਦਾ ਹੈ। ਜਿਸ ਨੂੰ ਲੈ ਕੇ ਕਈ ਦਿਨ੍ਹਾਂ ਤੋਂ ਤਲਵੰਡੀ ਸਾਬੋ ਵਿੱਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਇਸੇ ਤਹਿਤ ਅੱਜ ਵਿਸਾਖੀ ਵਾਲੇ ਦਿਨ ਵੀ ਤਲਵੰਡੀ ਸਾਬੋ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ। ਜਿਸ ਦੇ ਵਿਰੋਧ ਵਿੱਚ ਕੁਝ ਸਿੱਖ ਆਗੂਆਂ ਨੇ ਸਵਾਲ ਖੜੇ ਕੀਤੇ ਹਨ।
ਦੱਸ ਦਈਏ ਕਿ ਅੱਜ ਸ਼ੁੱਕਰਵਾਰ ਨੂੰ ਵਿਸਾਖੀ ਦੇ ਦਿਹਾੜੇ ਉੱਤੇ ਅੰਮ੍ਰਿਤਪਾਲ ਸਿੰਘ ਦੀ ਆਮਦ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਪੁਲਿਸ ਪ੍ਰਸ਼ਾਸ਼ਨ ਵੱਲੋਂ ਏ.ਡੀ.ਜੀ.ਪੀ ਅਤੇ ਕਈ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਦੇ ਨਾਲ ਐਸ.ਪੀ ਅਤੇ ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੀ ਵੱਡੀ ਪੱਧਰ ਉੱਤੇ ਤਾਇਨਾਤੀ ਕੀਤੀ ਗਈ ਸੀ। ਪਰ ਵਿਸਾਖੀ ਦੇ ਦਿਹਾੜੇ ਉੱਤੇ ਅੱਜ ਇੱਥੇ ਇਹ ਸਮਾਗਮ ਪੂਰਨ ਅਮਨ ਅਮਾਨ ਨਾਲ ਸੰਪੂਰਨ ਹੋਏ। ਉੱਥੇ ਹੀ ਅੰਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਦੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆਤਮ ਸਮਰਪਣ ਨਹੀਂ ਕੀਤਾ ਗਿਆ।
ਵਿਸਾਖੀ ਦੀਆਂ ਮੁਬਾਰਕਾਂ, ਪੁਲਿਸ ਦੇ ਐਕਸ਼ਨਾਂ ਨੂੰ ਭੰਡਿਆ: ਇਸ ਤਮਾਮ ਵਰਤਾਰੇ ਵਿਚਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿੱਥੇ ਪੂਰੀ ਕੌਮ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ, ਉੱਥੇ ਹੀ ਉਨ੍ਹਾਂ ਪੁਲਿਸ ਦੇ ਐਕਸ਼ਨਾਂ ਨੂੰ ਵੀ ਭੰਡਿਆ। ਉਨ੍ਹਾਂ ਕਿਹਾ ਕਿ ਵਿਸਾਖੀ ਵਿੱਚ ਆਉਣ ਵਾਲੀਆਂ ਸੰਗਤਾਂ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਆ ਰਹੀਆਂ ਹਨ, ਪਰ ਪੁਲਿਸ ਵੱਲੋਂ ਅਤਿ-ਸੁਰੱਖਿਆ ਦੇ ਇੰਤਜ਼ਾਮ ਕਰਕੇ ਸੰਗਤ ਨੂੰ ਪੈਰ-ਪੈਰ ਉੱਤੇ ਮੁਸ਼ਕਿਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ।
ਦੂਜੇ ਪਾਸੇ, ਇਸ ਮੌਕੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਵਿੱਚ ਮਾਹੌਲ ਪੂਰੀ ਤਰ੍ਹਾਂ ਸਾਜ਼ਗਾਰ ਹੈ, ਪਰ ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰਿਆਂ ਉੱਤੇ ਚੱਲ ਕੇ ਪੰਜਾਬ ਦਾ ਮਾਹੌਲ ਅਤੇ ਅਕਸ ਖ਼ਰਾਬ ਕਰਨ ਉੱਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਸੂਬੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੈ ਪਰ ਫਿਰ ਵੀ ਏਜੰਸੀਆਂ, ਸਰਕਾਰਾਂ ਅਤੇ ਕੁੱਝ ਮੀਡੀਆ ਅਦਾਰੇ ਮਿਲ ਕੇ ਪੰਜਾਬ ਵਿੱਚ ਮਾਹੌਲ ਖ਼ਰਾਬ ਹੋਣ ਦੀਆਂ ਗੱਲਾਂ ਸਾਹਮਣੇ ਲਿਆ ਕੇ ਸੂਬੇ ਅੰਦਰ ਬਾਹਰੀ ਲੋਕਾਂ ਨੂੰ ਕਾਬਿਜ਼ ਕਰਵਾਉਣ ਉੱਤੇ ਤੁਲੇ ਹੋਏ ਹਨ।
ਸਾਕਾ ਨੀਲਾ ਤਾਰਾ ਤੋਂ ਬਾਅਦ ਅਜਿਹੇ ਸੁਰੱਖਿਆ ਪ੍ਰਬੰਧ ਪਹਿਲੀ ਵਾਰ: ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਮਦਮਾ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਉੱਤੇ ਸਵਾਲ ਉਠਾਉਂਦੇ ਹੋਏ ਇਹ ਵੀ ਕਿਹਾ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਉਹਨਾਂ ਨੇ ਅਜਿਹੇ ਸੁਰੱਖਿਆ ਪ੍ਰਬੰਧ ਪਹਿਲੀ ਵਾਰ ਦੇਖੇ ਹਨ।
ਉਹਨਾਂ ਕਿਹਾ ਕਿ ਅਬਦਾਲੀ ਵੇਲੇ ਵੀ ਸਿੱਖ ਆਪਣੇ ਧਾਰਮਿਕ ਅਸਥਾਨਾਂ ਉੱਤੇ ਪਾਬੰਦੀਆਂ ਦੇ ਬਾਵਜੂਦ ਨਤਮਸਤਕ ਹੁੰਦੇ ਰਹੇ ਨੇ ਅਤੇ ਹੁਣ ਕਿਵੇਂ ਨਤਮਸਤਕ ਨਹੀਂ ਹੋਣਗੇ ? ਇਸ ਤੋਂ ਇਲਾਵਾ ਤਮਾਮ ਮੁਸ਼ਕਿਲਾਂ ਦੇ ਬਾਅਦ ਵੱਡੀ ਗਿਣਤੀ ਵਿੱਚ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਮੱਥਾ ਟੇਕਣ ਪਹੁੰਚੀ ਸੰਗਤਾਂ ਦੀ ਸ਼ਰਧਾ ਅਤੇ ਹੌਂਸਲਾ ਦੀ ਸ਼ਲਾਘਾ ਐੱਸਜੀਪੀਸੀ ਪ੍ਰਧਾਨ ਨੇ ਕੀਤੀ।
ਇਹ ਵੀ ਪੜ੍ਹੋ: Visakhi 2023: ਵਿਸਾਖੀ ਮੌਕੇ ਜਥੇਦਾਰ ਦਾ ਸਿੱਖ ਕੌਮ ਨੂੰ ਸੁਨੇਹਾ, ਕਿਹਾ- ਸਰਕਾਰ ਨਾਲ ਨਹੀਂ ਕੋਈ ਰੌਲ਼ਾ ਫਿਰ ਵੀ ਬਣਾ ਰਹੀ ਨਿਸ਼ਾਨਾ