ਬਠਿੰਡਾ: ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੱਖਾਂ ਅਤੇ ਪੰਜਾਬ ਬਾਰੇ ਭਾਰਤੀ ਮੀਡੀਆ ਵਿੱਚ ਚੱਲ ਰਹੇ ਬਿਰਤਾਂਤ ਬਾਰੇ ਚਰਚਾ ਲਈ ਇਕ ਬੈਠਕ ਬੁਲਾਈ। ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਦੀ ਵਿਸ਼ੇਸ਼ ਇਕੱਤਰਤਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਵਾਪਰ ਰਹੇ ਵਰਤਾਰਿਆਂ ਨੂੰ ਅਧਾਰ ਬਣਾ ਕੇ ਸਰਕਾਰ ਵੱਲੋਂ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਜਿਸ ਤਹਿਦ ਸਰਕਾਰ ਵੱਲੋਂ ਪੰਜਾਬ ਦੀ ਅਵਾਜ਼ ਬਣਨ ਵਾਲੇ ਪੱਤਰਕਰਾਂ ਅਤੇ ਚੈੱਨਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਵਿਸ਼ੇਸ਼ ਇਕੱਤਰਤਾ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰ ਧਿਰਾਂ ਨਾਲ ਖੜਨ ਦਾ ਦ੍ਰਿੜ ਇਰਾਦਾ ਪ੍ਰਗਟ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ।
ਟੈਕਾਂ ਤੋਪਾਂ ਤੋਂ ਨਹੀ ਡਰਦਾ ਅਕਾਲ ਤਖ਼ਤ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਤਤਕਾਲੀ ਹਾਲਾਂਤਾਂ ਦੀ ਸਾਂਝ ਪਾਉਂਦਿਆਂ ਐਲਾਨ ਕੀਤਾ ਗਿਆ ਕਿ ਅੱਜ ਜਿਸ ਸਮੇਂ ਸੱਚ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਪੀੜਤਾਂ ਦੇ ਮੋਡੇ ਨਾਲ ਮੋਡਾ ਜੋੜ੍ਹ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਲੋਕ ਟੈਂਕ ਚੜ੍ਹਾਉਣ ਤੋਪਾਂ ਚੜ੍ਹਾਉਂਣ ਸ੍ਰੀ ਅਕਾਲ ਤਖ਼ਤ ਸਾਹਿਬ ਧੱਕਿਆਂ ਦੇ ਖਿਲਾਫ ਅਵਾਜ਼ ਬੁਲੰਦ ਕਰਦਾ ਰਹੇਗਾ।
ਸੰਗਤਾਂ ਨੂੰ ਅਪੀਲ: ਉਨ੍ਹਾਂ ਕਿਹਾ ਕਿ ਅੱਜ ਜਾਣ ਬੁੱਝ ਕੇ ਪੰਜਾਬ ਅੰਦਰ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਆਦੇਸ਼ ਕਰਦਿਆਂ ਕਿਹਾ ਕਿ ਖਾਲਸਾ ਪ੍ਰਗਟ ਦਿਵਸ ਵਿਸਾਖੀ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਤਾਂ ਜੋ ਸਰਕਾਰਾਂ ਨੂੰ ਕੌਮ ਦੀ ਸੰਗਠਿਤ ਸ਼ਕਤੀ ਦਾ ਅਹਿਸਾਸ ਹੋਵੇ।
75 ਵਿੱਚੋ ਇਕ ਵੀ ਵਾਦਾ ਪੂਰਾ ਨਹੀਂ ਕੀਤਾ: ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਕੋਈ ਵੀ ਮਸਲਾ ਵਿਵਾਦ ਨਾਲ ਨਹੀਂ ਬਲਕਿ ਸੰਵਾਦ ਨਾਲ ਹੱਲ ਹੁੰਦਾ ਹੈ ਅਤੇ ਸਰਕਾਰਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਉਹ ਸਿੱਖ ਕੌਮ ਨਾਲ ਸੰਵਾਦ ਕਰਨ ਅਤੇ ਜਿਹੜੀਆਂ ਧੱਕਸ਼ਾਹੀਆਂ ਸਿੱਖ ਕੌਮ ਨਾਲ ਹੋਈਆਂ ਹਨ ਉਨ੍ਹਾਂ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 75 ਸਾਲਾਂ ਚ ਸਰਕਾਰਾਂ ਨੇ ਸਿੱਖ ਕੌਮ ਨਾਲ 75 ਤੋਂ ਵੱਧ ਅਹਿਮ ਵਾਅਦੇ ਕੀਤੇ ਪਰ ਅਫਸੋਸ ਪੂਰਾ ਇੱਕ ਵੀ ਨਹੀਂ ਕੀਤਾ।
ਐਂਟੀ ਸਿੱਖ ਫੋਬੀਆ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਐਲਾਨ ਕਰਦਿਆਂ ਕਿਹਾ ਕਿ ਅੱਜ ਜਿਸ ਸਮੇਂ ਸਿੱਖ ਕੌਮ ਖਿਲਾਫ ਝੂਠੇ ਬਿਰਤਾਂਤ ਸਿਰਜੇ ਜਾ ਰਹੇ ਹਨ। ਇਹ ਐਂਟੀ ਸਿੱਖ ਫੋਬੀਆ (ਸਿੱਖ ਵਿਰੋਧੀ ਨਜ਼ਰੀਆ) ਹੈ ਅਤੇ ਇਸ ਨੂੰ ਰੋਕਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਸਿੰਘ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਅਜਿਹੇ ਸੈਮੀਨਰ ਹੁਣ ਲਗਾਤਾਰ ਹੁੰਦੇ ਰਹਿਣਗੇ।
ਸਿੱਖ ਕੌਮ ਖਿਲਾਫ ਝੂਠਾ ਪ੍ਰਚਾਰ: ਇਸ ਮੌਕੇ ਜਥੇਦਾਰ ਜੀ ਨੇ ਬੀਤੇ ਦਿਨੀਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੂੰ ਕੀਤੇ ਗਏ ਆਦੇਸ਼ ਅਤੇ ਉਸ ਆਦੇਸ਼ ਨੂੰ ਪੂਰਤੀ ਨਾ ਹੋਣ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਦਭਾਗਾ ਹੈ। ਸਿੰਘ ਸਾਹਿਬ ਜੀ ਨੇ ਕਿਹਾ ਕਿ ਤੁਰੰਤ ਪ੍ਰਭਾਵ ਅਧੀਨ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਵਿਅਕਤੀਆਂ ਖਿਲਾਫ ਪਰਚੇ ਦਰਜ਼ ਕਰਵਾਉਣੇ ਚਾਹੀਦੇ ਹਨ ਜਿਨ੍ਹਾਂ ਵੱਲੋਂ ਸਿੱਖ ਕੌਮ ਖਿਲਾਫ ਝੂਠਾ ਪ੍ਰਚਾਰ ਕੀਤਾ ਗਿਆ ਅਤੇ ਝੂਠੇ ਵਿਰਤਾਂਤ ਸਿਰਜੇ ਗਏ।
ਇਹ ਵੀ ਪੜ੍ਹੋ:- Jathedar's appeal to Amritpal : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅੰਮ੍ਰਿਤਪਾਲ ਸਿੰਘ ਨੂੰ ਫਿਰ ਅਪੀਲ, ਬੋਲੇ-'ਆਤਮ ਸਮਰਪਣ ਕਰੇ'