ਬਠਿੰਡਾ : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਲੋਂ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਜ਼ਰੂਰੀ ਵਿਚਾਰਾਂ ਕਰਨ ਲਈ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ। ਜਿਸ ਵਿਚ ਤਕਰੀਬਨ 60 ਤੋਂ 70 ਦੇ ਕਰੀਬ ਚੋਣਵੀਆਂ ਸਿੱਖ ਜਥੇਬੰਦੀਆਂ/ਸੰਪ੍ਰਦਾਵਾਂ/ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀ ਸਾਹਿਬਾਨਾਂ ਨੂੰ ਇਕੱਤਰਤਾ ਵਿਚ ਸ਼ਾਮਲ ਹੋਣ ਲਈ ਸੁਨੇਹੇ ਭੇਜੇ ਗਏ ਸਨ। ਉਥੇ ਹੀ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਸਿੱਖ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ਬਾਰੇ ਬੁਲਾਈ ਇਕੱਤਰਤਾ ਤੋਂ ਪਹਿਲਾਂ ਇਤਿਹਾਸਕ ਨਗਰ ਤਲਵੰਡੀ ਸਾਬੋ ਪੁਲਿਸ ਛਾਉਣੀ 'ਚ ਤਬਦੀਲ ਨਜ਼ਰ ਆ ਰਿਹੈ।ਤਖ਼ਤ ਸਾਹਿਬ ਨੂੰ ਜਾਂਦੇ ਰਾਸਤੇ 'ਤੇ ਥਾਂ ਥਾਂ ਉੱਤੇ ਬੇਰਿਕੇਡ ਲਾਏ ਹੋਏ ਹਨ। ਜਦੋਂ ਕਿ ਨਗਰ ਦੁਆਲੇ ਕੀਤੀ ਨਾਕੇਬੰਦੀ ਦਾ ਜਾਇਜ਼ਾ ਖੁਦ ਐੱਸ ਐੱਸ ਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਲੈਂਦੇ ਦਿਖਾਈ ਦਿੱਤੇ। ਨਗਰ ਵਿਚ ਦੰਗਾ ਰੋਕੂ ਫੋਰਸ ਦੀ ਤਾਇਨਾਤੀ ਵੀ ਨਜ਼ਰ ਆ ਰਹੀ ਹੈ।
ਅੰਮ੍ਰਿਤਪਾਲ ਸਿੰਘ ਇਸ ਵਿਸ਼ੇਸ਼ ਮੀਟਿੰਗ ਵਿੱਚ ਆਤਮ ਸਮਰਪਣ ਕਰ ਸਕਦਾ ! : ਜ਼ਿਕਰਯੋਗ ਹੈ ਕਿ ਬੀਤੇ 21 ਦਿਨਾਂ ਤੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਸੁਰਾਗ ਨਹੀਂ ਲੱਗ ਰਿਹਾ। ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਵੱਲੋਂ ਭਗੌੜੇ ਦੇ ਪੋਸਟਰ ਤੱਕ ਲਾਏ ਗਏ ਹਨ। ਪਰ, ਪੁਲਿਸ ਉਸਦਾ ਪਤਾ ਲਗਾਉਣ ਵਿੱਚ ਅਸਮਰਥ ਹੈ। ਹਾਲਾਂਕਿ ਪੁਲਿਸ ਨੂੰ ਇਨਪੁਟਸ ਮਿਲੇ ਹਨ ਕਿ ਅੰਮ੍ਰਿਤਪਾਲ ਸਿੰਘ ਇਸ ਵਿਸ਼ੇਸ਼ ਮੀਟਿੰਗ ਵਿੱਚ ਆਤਮ ਸਮਰਪਣ ਕਰ ਸਕਦਾ ਹੈ। ਇਸ ਵਿਸ਼ੇਸ਼ ਮੀਟਿੰਗ ਦਾ ਆਯੋਜਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੀਡੀਆ 'ਤੇ ਲਗਾਈਆਂ ਗਈਆਂ ਪਾਬੰਦੀਆਂ ਬਾਰੇ ਵਿਚਾਰ ਕਰਨ ਲਈ ਕੀਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਅੰਮ੍ਰਿਤਪਾਲ ਨੂੰ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ ਜਾਵੇ।
ਇਹ ਵੀ ਪੜ੍ਹੋ : Leaves Canceled Of Punjab Police: ਪੰਜਾਬ ਪੁਲਿਸ ਦੀਆਂ ਛੁੱਟੀਆਂ ਰੱਦ, ਅੰਮ੍ਰਿਤਪਾਲ ਨੂੰ ਲੈ ਕੇ ਅਲਰਟ 'ਤੇ ਪੁਲਿਸ
ਅੰਮ੍ਰਿਤਪਾਲ ਸਮਰਥਕ ਜਥੇਦਾਰ ਨੂੰ ਮਿਲੇ ਹਨ: ਜ਼ਿਕਰਯੋਗ ਹੈ ਕਿ 27 ਮਾਰਚ ਤੋਂ ਅੰਮ੍ਰਿਤਪਾਲ ਦੇ ਪੰਜਾਬ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। 27 ਮਾਰਚ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪਪਲਪ੍ਰੀਤ ਹੁਸ਼ਿਆਰਪੁਰ ਪਹੁੰਚੇ ਤਾਂ ਉਨ੍ਹਾਂ ਨੇ ਇਕ ਗੁਰਦੁਆਰੇ ਵਿਚ ਸ਼ਰਨ ਲੈ ਲਈ। ਇਸ ਦੌਰਾਨ ਗੁਰਦੁਆਰੇ ਦੀ ਇੱਕ ਪ੍ਰਮੁੱਖ ਸ਼ਖ਼ਸੀਅਤ ਅੰਮ੍ਰਿਤਸਰ ਆ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ। ਹਾਲਾਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਦੀ ਪੁਸ਼ਟੀ ਨਹੀਂ ਕਰਦੇ।
ਆਤਮ ਸਮਰਪਣ ਕਰਨ ਦੀ ਗੱਲ ਕਹੀ ਸੀ: ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਆਤਮ ਸਮਰਪਣ ਕਰਨ ਦੀ ਗੱਲ ਕਹੀ ਸੀ। ਅੰਮ੍ਰਿਤਪਾਲ ਪਹਿਲਾਂ ਵੀ ਹੁਸ਼ਿਆਰਪੁਰ ਦੇ ਗੁਰਦੁਆਰਾ ਸਾਹਿਬ ਜਾ ਚੁੱਕਾ ਸੀ, ਜਿੱਥੇ ਅੰਮ੍ਰਿਤਪਾਲ ਠਹਿਰਿਆ ਹੋਇਆ ਸੀ। ਉਹ ਫਰਵਰੀ ਦੇ ਪਹਿਲੇ ਹਫ਼ਤੇ ਇੱਕ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਆਇਆ ਸੀ। ਸਰੰਡਰ ਦੀ ਸੂਚਨਾ ਤੋਂ ਬਾਅਦ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ।ਪੰਜਾਬ ਦੇ ਚੱਪੇ ਚੱਪੇ ’ਤੇ ਪੁਲਿਸ ਤੈਨਾਤ ਹੈ। ਇਸੇ ਦੌਰਾਨ ਇਹ ਖ਼ਬਰਾਂ ਵੀ ਚਰਚਾ ਦਾ ਵਿਸ਼ਾ ਰਹੀਆਂ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇਪਾਲ ਭੱਜਿਆ ਹੈ। ਉਸਦੇ ਸੀਸੀਟੀਵੀ ਫੁਟੇਜ ਉੱਤਰਾਖੰਡ, ਪਟਿਆਲਾ ਸਣੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਦੇਖਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਵਿਚਾਲੇ ਅੰਮ੍ਰਿਤਪਾਲ ਸਿੰਘ ਵੱਲੋਂ ਆਡੀਓ ਅਤੇ ਵੀਡੀਓ ਵੀ ਜਾਰੀ ਕੀਤੇ ਗਏ। ਜਿਸ ਵਿਚ ਉਸਨੇ ਕਿਹਾ ਕਿ ਮੈਂ ਭਗੋੜਾ ਨਹੀਂ ਹੋਇਆ।