ਤਲਵੰਡੀ ਸਾਬੋ: ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਜਿਥੇ ਕਿਸਾਨ ਦਿੱਲੀ ਹੱਦਾਂ ਉੱਤੇ ਅੰਦੋਲਨ ਕਰ ਰਹੇ ਹਨ। ਉਥੇ ਹੀ ਕਿਸਾਨਾਂ ਦੇ ਮਾਮਲੇ ਨੂੰ ਹੱਲ ਕਰਨ ਲਈ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਭਾਵੇਂ ਕਿ ਅਜੇ ਤੱਕ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਈਆਂ ਮੀਟਿੰਗਾਂ ਬੇ ਸਿੱਟਾ ਹੀ ਰਹੀਆਂ ਹਨ। ਪਰ ਹੁਣ ਕੇਂਦਰ ਸਰਕਾਰ ਵੱਲੋਂ ਮਾਮਲੇ ਨੂੰ ਹੱਲ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਇਨ੍ਹਾਂ ਚਰਚਾਵਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਕੋਈ ਸਿੱਖ ਮਰਿਆਦਾ ਜਾਂ ਸਿੱਖ ਧਰਮ ਦਾ ਕੋਈ ਕੌਮੀ ਮਸਲਾ ਨਹੀਂ ਹੈ ਤੇ ਨਾ ਹੀ ਸਿੱਖਾਂ ਦੇ ਸਿਧਾਂਤਕ ਵਖਰੇਵੇਂ ਦਾ ਮਾਮਲਾ ਹੈ। ਇਹ ਕਿਸਾਨਾਂ ਅਤੇ ਕੇਂਦਰ ਸਰਕਾਰ ਦਾ ਮਸਲਾ ਹੈ।
ਨਿਰੋਲ ਕਿਸਾਨੀ ਦਾ ਮਸਲਾ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਭਾਰਤ ਦੇ ਕਿਸਾਨਾਂ ਅਤੇ ਕਾਨੂੰਨ ਦਾ ਹੈ, ਜਿਸ ਦਾ ਭਾਰਤ ਭਰ ਦੇ ਕਿਸਾਨ ਵਿਰੋਧ ਕਰ ਰਹੇ ਹਨ ਇਹ ਮਾਮਲਾ ਕੋਈ ਸਿੱਖ ਮਰਿਆਦਾ ਜਾਂ ਸਿੱਖ ਧਰਮ ਦਾ ਕੋਈ ਕੌਮੀ ਮਸਲਾ ਨਹੀਂ ਹੈ ਤੇ ਨਾ ਹੀ ਸਿੱਖਾਂ ਦੇ ਸਿਧਾਂਤਕ ਵਖਰੇਵੇਂ ਦਾ ਮਾਮਲਾ ਹੈ ਕਿ ਜਿਸ ਨੂੰ ਅਕਾਲ ਤਖਤ ਸਾਹਿਬ ਉੱਤੇ ਲੈ ਜਾਇਆ ਜਾਵੇ। ਸਗੋਂ ਇਹ ਨਿਰੋਲ ਕਿਸਾਨੀ ਦਾ ਮਸਲਾ ਹੈ ਮਸਲੇ ਦਾ ਹੱਲ ਕਿਸਾਨਾਂ ਅਤੇ ਕੇਂਦਰ ਸਰਕਾਰ ਨੇ ਆਪਸੀ ਗੱਲਬਾਤ ਨਾਲ ਕਰਨਾ ਹੈ।
ਅੰਦੋਲਨ 'ਚ ਕਿਸਾਨ ਸ਼ਾਂਤੀ ਅਤੇ ਸੰਯਮ ਬਣਾਈ ਰੱਖਣ
ਸਿੰਘ ਸਾਹਿਬ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦੀ ਮਾਮਲਾ ਹੱਲ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਸੰਗਤਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਹੈ ਕਿ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇ, ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਅਤੇ ਸੰਯਮ ਬਣਾਈ ਰੱਖਣ।