ਤਲਵੰਡੀ ਸਾਬੋ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਜੱਲ੍ਹਾ ਅਤੇ ਤਰਖਾਣਮਾਜਰਾ ਦੇ ਗੁਰੂਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਇਹ ਘਟਨਾ ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ ਸਾਜਿਸ਼ ਤਹਿਤ ਕੀਤੀ ਗਈ ਹੋਵੇ। ਉਨ੍ਹਾਂ ਨੌਜਵਾਨ ਵੱਲੋਂ ਘਟਨਾ ਸਾਜਿਸ਼ ਤਹਿਤ ਕੀਤੇ ਜਾਣ ਦੀ ਡੂੰਘਾਈ ਨਾਲ ਜਾਂਚ ਕਰਨ ਬਾਰੇ ਕਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਸਮੇਂ ਅਜਿਹੀ ਘਟਨਾ ਦੇ ਵਾਪਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ। ਇਸ ਤੋਂ ਪਹਿਲਾਂ ਬਰਗਾੜੀ ਵਿਖੇ ਵੀ ਬੇਅਦਬੀ ਹੋਈ ਸੀ ਤੇ ਉਸ ਸਮੇਂ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ।
ਜਥੇਦਾਰ ਅਕਾਲ ਤਖ਼ਤ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਫੜੇ ਗਏ ਜ਼ਿੰਮੇਵਾਰ ਨੌਜਵਾਨ ਨੂੰ ਪਾਗਲ ਕਰਾਰ ਦੇ ਕੇ ਬਚਾਉਣ ਦੀ ਕੋਸ਼ਿਸ ਕਰ ਸਕਦੀ ਹੈ, ਜੋ ਕਿ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਕੁੱਝ ਨਹੀਂ ਕਰ ਸਕਦੀ ਤਾਂ ਨੌਜਵਾਨ ਨੂੰ ਸਿੱਖ ਸੰਗਤ ਹਵਾਲੇ ਕਰ ਦੇਣਾ ਚਾਹੀਦਾ ਹੈ ਅਤੇ ਪੰਥ ਖਾਲਸਾ ਆਪਣੇ ਹਿਸਾਬ ਨਾਲ ਸਜ਼ਾ ਦਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਦੋਸ਼ੀਆਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹ ਇੱਕ ਅਤਿ ਘਿਨਾਉਣੀ ਘਟਨਾ ਹੈ, ਜਿਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ।