ਬਠਿੰਡਾ: ਹਰਸਿਮਰਤ ਕੌਰ ਬਾਦਲ ਬਠਿੰਡਾ ਦੇ ਜੋਗਰ ਪਾਰਕ ਅਤੇ ਰੋਜ਼ ਗਾਰਡਨ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਜਿੱਥੇ ਉਨ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਸਾਧੇ।
ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਕਾਂਗਰਸ ਵਿੱਚ ਸ਼ਾਮਲ ਹੋਣ 'ਤੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ-ਟੀਮ ਹੈ। ਕਿਉਂਕਿ ਕੇਜਰੀਵਾਲ ਦਿੱਲੀ ਵਿਖੇ ਕਾਂਗਰਸ ਦੇ ਗਠਜੋੜ ਦੀ ਗੱਲ ਕਰ ਰਹੇ ਸਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ। ਬੀਬੀ ਬਾਦਲ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਾਂਗਰਸ ਦੇ ਨਾਲ ਇਨ੍ਹਾਂ ਦੀ ਸਾਂਝ ਪਹਿਲਾਂ ਤੋਂ ਹੈ। ਲੋਕਾਂ ਸਾਹਮਣੇ ਹੀ ਇਹ ਸਿਰਫ਼ ਦਿਖਾਵੇਬਾਜ਼ੀ ਕਰਦੇ ਹਨ।
ਉਧਰ, ਹਰਸਿਮਰਤ ਕੌਰ ਬਾਦਲ ਨੇ ਕੇਜ਼ਰੀਵਾਲ ਦੇ ਥੱਪੜ ਮਾਰੇ ਜਾਣ 'ਤੇ ਅਪਣਾ ਪ੍ਰਤਿਕਰਮ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ, ਪਰ ਉਹ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਰਹੇ। ਇਸ ਕਰਕੇ ਦਿੱਲੀ ਦੇ ਨੌਜਵਾਨਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਰੋਸ ਹੈ ਜਿਸ ਦੇ ਚੱਲਦਿਆਂ ਕੇਜਰੀਵਾਲ ਨੂੰ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡਾਂ ਵਿੱਚ ਕਾਗਰਸ ਦਾ ਵਿਰੋਧ ਕੀਤੇ ਜਾਣ 'ਤੇ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਝੂਠ ਬੋਲ ਕੇ ਸਰਕਾਰ ਬਣਾ ਲਈ ਅਤੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਝੂਠ ਬੋਲ ਰਹੇ ਹਨ।