ਬਠਿੰਡਾ: ਸਬ-ਡਵੀਜ਼ਨ ਤਲਵੰਡੀ ਸਾਬੋ ਵਿਖੇ ਸੋਮਵਾਰ ਨੂੰ ਇੱਕ ਵਾਰ ਫ਼ਿਰ ਕੋਰੋਨਾ ਦਾ ਧਮਾਕਾ ਹੋਇਆ ਅਤੇ ਕੁੱਲ 126 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਸਬ-ਡਵੀਜ਼ਨ ਦੇ ਪਿੰਡ ਫੁੱਲੋ ਖਾਰੀ ਵਿਖੇ ਸਥਿਤ ਦੇਸ਼ ਦੇ ਵੱਡੇ ਤੇਲ ਸੋਧਕ ਕਾਰਖ਼ਾਨਿਆਂ ਵਿੱਚੋਂ ਇੱਕ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵਿੱਚੋਂ ਕੰਮ ਕਰਨ ਵਾਲੇ 121 ਮਜ਼ਦੂਰ ਕੋਰੋਨਾ ਪੌਜ਼ੀਟਿਵ ਨਿਕਲੇ ਹਨ।
ਇਹ ਉਹ ਮਜ਼ਦੂਰ ਹਨ, ਜੋ ਕਿ ਵੱਖ-ਵੱਖ ਸੂਬਿਆਂ ਤੋਂ ਕੰਮ ਦੀ ਤਲਾਸ਼ ਵਿੱਚ ਪੰਜਾਬ ਆਉਂਦੇ ਹਨ, ਇਨ੍ਹਾਂ ਮਜ਼ਦੂਰਾਂ ਸਮੇਤ ਲਾਗਲੇ ਪਿੰਡਾਂ ਦੇ 5 ਵਿਅਕਤੀ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਤਲਵੰਡੀ ਸਾਬੋ ਦੇ ਐੱਸ.ਐੱਮ.ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਰਿਫਾਈਨਰੀ ਨਾਲ ਸਬੰਧਿਤ 108 ਮਜ਼ਦੂਰਾਂ ਨੇ ਕੋਰੋਨਾ ਟੈਸਟ ਪੌਜ਼ੀਟਿਵ ਪਾਏ ਗਏ ਹਨ, ਜਦਕਿ ਹਸਪਤਾਲ ਵਿੱਚ ਹੋਏ ਟੈਸਟਾਂ ਵਿੱਚੋਂ 13 ਪੌਜ਼ੀਟਿਵ ਨਿਕਲੇ ਹਨ, ਜਿਨ੍ਹਾਂ ਕੁੱਲ ਗਿਣਤੀ 121 ਤੱਕ ਪਹੁੰਚ ਗਈ ਹੈ।
ਉੱਥੇ ਹੀ ਪਿੰਡ ਲਾਲੇਆਨਾ ਦੇ 2 ਵਿਅਕਤੀ, ਮਾਇਰਸਖ਼ਾਨਾ ਦੇ 3 ਵਿਅਕਤੀ ਪੌਜ਼ੀਟਿਵ ਪਾਏ ਗਏ ਹਨ, ਜਿਸ ਨਾਲ ਸਬ-ਡਵਿਜ਼ਨ ਦੇ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 126 ਤੱਕ ਪੁੱਜ ਗਈ ਹੈ।
ਐੱਸ.ਐੱਮ.ਓ ਨੇ ਦੱਸਿਆ ਕਿ ਲੋਕਾਂ ਵੱਲੋਂ ਕੋਰੋਨਾ ਨੂੰ ਲੈ ਕੇ ਸਾਵਧਾਨੀ ਘੱਟ ਵਰਤੀ ਜਾ ਰਹੀ ਹੈ, ਜਿਸ ਕਾਰਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।