ਬਠਿੰਡਾ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਇਕ ਗੁਰਸਿੱਖ ਪਰਿਵਾਰ ਦੇ ਬਾਈਕਾਟ ਕਰਨ ਦੇ ਮਾਮਲੇ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋ ਪੁੱਜੀ ਜਾਂਚ ਟੀਮ ਦੇ ਸਾਹਮਣੇ ਪਿੰਡ ਦੇ ਸਰਪੰਚ ਨੇ ਮਾਫ਼ੀ ਮੰਗ ਕੇ ਬਾਈਕਾਟ ਦੇ ਫੈਸਲੇ ਨੂੰ ਗਲਤ ਦੱਸਦੇ ਹੋਏ ਫੈਸਲਾ ਵਾਪਸ ਲੈ ਲਿਆ ਹੈ। ਇਸ ਫੈਸਲੇ ਤੋਂ ਬਾਅਦ ਪਿੰਡ ਵਾਸੀਆਂ ਨੇ ਸੁਖ ਦਾ ਸਾਹ ਲਿਆ, ਉਥੇ ਹੀ ਪੀੜ਼ਤ ਗੁਰਸਿੱਖ ਪਰਿਵਾਰ ਵੀ ਇਸ ਗੱਲ ’ਤੇ ਆਸਵੰਦ ਹੈ ਕਿ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਤਫ਼ਤੀਸ਼ ਕਰਨ ਤੋਂ ਬਾਅਦ ਜੋ ਫੈਸਲਾ ਕੀਤਾ ਜਾਵੇਗਾ ਉਹ ਪ੍ਰਵਾਨ ਹੋਵੇਗਾ।
ਦੱਸ ਦੇਈਏ ਕਿ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਪਸ਼ੂਆਂ ਨੂੰ ਪਈ ਮੂੰਹਖੁਰ ਦੀ ਬੀਮਾਰੀ ਨੂੰ ਰੋਕਣ ਲਈ ਇੱਕ ਟੂਣਾ (ਧਾਰਾ) ਕੀਤਾ ਗਿਆ ਸੀ। ਜਿਸ ਨੂੰ ਪਿੰਡ ਦੇ ਇਕ ਗੁਰਸਿੱਖ ਪਰਿਵਾਰ ਨੇ ਟੂਣਾ ਮੰਨਣ ਤੋਂ ਇੰਨਕਾਰ ਕਰ ਦਿੱਤਾ ਸੀ, ਜਿਸ ਦਾ ਪਿੰਡ ਅਤੇ ਪਿੰਡ ਦੀ ਪੰਚਾਇਤ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਸੀ।
ਗੁਰਸਿੱਖ ਪਰਿਵਾਰ ਵੱਲ਼ੋਂ ਮਾਮਲੇ ਵਿੱਚ ਇਨਸਾਫ਼ ਲੈਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ। ਜਿਸ 'ਤੇ ਕਾਰਵਾਈ ਕਰਦਿਆਂ ਜਥੇਦਾਰ ਸਾਹਿਬ ਨੇ ਮਾਮਲੇ ਦੀ ਧਰਮ ਪ੍ਰਚਾਰ ਸਬ ਆਫਿਸ ਦਮਦਮਾ ਸਾਹਿਬ ਨੂੰ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਭਾਈ ਨਿਰਭੈ ਸਿੰਘ ਦੀ ਤਫ਼ਤੀਸ਼ੀ ਟੀਮ ਪੜਤਾਲ ਕਰਨ ਲਈ ਪੁੱਜੀ ਜਿੰਨਾ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਤਿਆਰ ਕੀਤੀ ਰਿਪੋਰਟ ਸਿੰਘ ਸਾਹਿਬ ਨੂੰ ਸੌਂਪ ਦਿੱਤੀ ਹੈ। ਮੀਡੀਆ ਦੀ ਮੌਜੂਦਗੀ ਵਿਚ ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਇਸ ਕਾਰਵਾਈ ਨੂੰ ਗਲਤ ਦੱਸਦਿਆਂ ਉਕਤ ਪੀੜਤ ਪਰਿਵਾਰ ਅਤੇ ਹੋਰ ਜਥੇਬੰਦੀਆਂ ਤੋਂ ਇਸ ਗੱਲ ਦੀ ਮੁਆਫ਼ੀ ਮੰਗਦਿਆਂ ਕਿਹਾ ਕਿ ਅੱਗੇ ਤੋਂ ਉਹ ਪਿੰਡ ਵਿੱਚ ਅਜਿਹੀ ਕਾਰਵਾਈ ਨਹੀਂ ਕਰਨਗੇ ਅਤੇ ਨਾ ਹੀ ਹੋਣ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਵਿਚ ਉਕਤ ਬਾਈਕਾਟ ਕਰਨ ਵਾਲੇ ਪਰਿਵਾਰ ਦਾ ਮਾਣ ਸਨਮਾਨ ਉਸੇ ਤਰ੍ਹਾਂ ਬਹਾਲ ਰਹੇਗਾ ਜੇਕਰ ਕੋਈ ਉਕਤ ਪਰਿਵਾਰ ਨਾਲ ਜ਼ਿਆਦਤੀ ਕਰੇਗਾ ਤਾਂ ਉਹ ਬਰਦਾਸ਼ਤ ਨਹੀਂ ਕਰਨਗੇ।
ਇਹ ਵੀ ਪੜੋ: ਸੁਣੋ, ਰਿਹਾਈ ਤੋਂ ਬਾਅਦ ਕੀ ਬੋਲੇ ਸਾਬਕਾ DGP ਸੁਮੇਧ ਸੈਣੀ