ਬਠਿੰਡਾ : ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੇ ਨਾਂ ਉਤੇ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਕਾਰਨ ਪੰਜਾਬ ਦੇ ਖਜ਼ਾਨੇ ਉਤੇ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਨ੍ਹਾਂ ਸਬਸਿਡੀਆਂ ਕਾਰਨ ਕਈ ਸਰਕਾਰੀ ਵਿਭਾਗਾਂ ਦੀ ਹਾਲਤ ਮਾੜੀ ਹੁੰਦੀ ਨਜ਼ਰ ਆ ਰਹੀ ਹੈ। ਕਈ ਵਿਭਾਗਾਂ ਨੂੰ ਆਪਣੇ ਕਰਮਚਾਰੀਆਂ ਨੂੰ ਤਨਖਾਹ ਅਤੇ ਪੈਨਸ਼ਨਾਂ ਜਾਰੀ ਕਰਨਾ ਮੁਸ਼ਕਲ ਹੋ ਰਹੀਆਂ ਹਨ। ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗਰੰਟੀਆ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ਉਤੇ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੀ ਗਾਰੰਟੀ ਨੂੰ ਪੂਰਾ ਕੀਤਾ ਗਿਆ। ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਕਾਰਨ ਪੰਜਾਬ ਪਾਵਰ ਕਾਰਪੋਰੇਸ਼ਨ ਦੀ ਹਾਲਤ ਪਤਲੀ ਹੋ ਗਈ ਹੈ।
ਸਰਕਾਰ ਵੱਲ ਪੰਜਾਬ ਕਾਰਪੋਰੇਸ਼ਨ ਦਾ ਖੜ੍ਹਾ ਬਕਾਇਆ : ਥਰਮਲ ਇੰਪਲਾਇਜ਼ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਵੱਲੋਂ 300 ਯੂਨਿਟ ਹਰ ਘਰ ਨੂੰ ਮੁਫਤ ਦਿੱਤੇ ਜਾਣ ਤੋਂ ਬਾਅਦ 3500 ਕਰੋੜ ਰੁਪਏ ਹੋਰ ਪੰਜਾਬ ਪਾਵਰ ਕਾਰਪੋਰੇਸ਼ਨ ਦਾ ਪੰਜਾਬ ਸਰਕਾਰ ਵੱਲ ਬਕਾਇਆ ਖੜ੍ਹਾ ਹੈ। 35 ਹਜ਼ਾਰ ਕਰੋੜ ਕੁੱਲ ਖਰਚ ਕਰਨ ਵਾਲਾ ਪੰਜਾਬ ਪਾਵਰ ਕਾਰਪੋਰੇਸ਼ਨ ਦਾ 50 ਫੀਸਦੀ ਪੰਜਾਬ ਸਰਕਾਰ ਵੱਲੋਂ ਸਬਸਿਡੀਆਂ ਦਾ ਬਕਾਇਆ ਖੜ੍ਹਾ ਹੈ, ਜਿਸ ਕਾਰਨ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਖਰਚੇ ਬੜੀ ਮੁਸ਼ਕਲ ਨਾਲ ਚੱਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਦੇ ਬਕਾਇਆ 9000 ਕਰੋੜ ਰੁਪਏ ਕਿਸ਼ਤਾਂ ਵਿੱਚ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਲਗਾਤਾਰ ਸਬਸਿਡੀਆਂ ਨੂੰ ਲੈ ਕੇ ਲਏ ਜਾ ਰਹੇ ਫ਼ੈਸਲਿਆਂ ਕਾਰਨ ਇਸ ਦਾ ਬੋਝ ਖ਼ਜ਼ਾਨੇ ਉੱਪਰ ਲਗਾਤਾਰ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Kisan Protest Canal Department Office: ਕਿਸਾਨਾਂ ਨੇ ਨਹਿਰੀ ਵਿਭਾਗ ਦੇ ਦਫਤਰ ਅੱਗੇ ਲਾਇਆ ਧਰਨਾ
ਸਰਕਾਰੀ ਟਰਾਂਸਪੋਰਟ ਦੀ ਹਾਲਤ ਪਤਲੀ : ਉਧਰ ਪੀਆਰਟੀਸੀ ਅਤੇ ਪਨਬੱਸ ਯੂਨੀਅਨ ਦੇ ਸੂਬੇ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੇ ਜਾਣ ਤੋਂ ਬਾਅਦ ਸਰਕਾਰੀ ਟਰਾਂਸਪੋਰਟ ਦੀ ਹਾਲਤ ਪਤਲੀ ਹੋ ਗਈ ਹੈ, ਕਿਉਂਕਿ ਸਰਕਾਰ ਵੱਲੋਂ ਸਬਸਿਡੀਆਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ ਪਨਬੱਸ ਨੂੰ ਆਪਣੇ ਖਰਚੇ ਕੱਢਣੀ ਮੁਸ਼ਕਿਲ ਹੋ ਰਹੇ ਹਨ। 50 ਫੀਸਦੀ ਵੀ ਜੇਕਰ ਕੁੱਲ ਆਮਦਨ ਦਾ ਮੰਨ ਕੇ ਚੱਲੀਏ ਸਬਸਿਡੀ ਵਿੱਚ ਜਾਂਦਾ ਹੈ ਤਾਂ ਪੀਆਰਟੀਸੀ ਅਤੇ ਪਨਬੱਸ ਦੇ ਰੋਜ਼ਾਨਾ ਖਰਚਿਆਂ ਦੀ ਭਰਪਾਈ 50 ਫੀਸਦੀ ਨਾਲ ਨਹੀਂ ਹੁੰਦੀ।
ਪੰਜਾਬ ਸਰਕਾਰ ਵੱਲੋ ਗਾਰੰਟੀ ਦੇ ਨਾਮ ਉੱਪਰ ਲਗਾਤਾਰ ਸਭ ਸਿਟੀਆਂ ਸਬੰਧੀ ਲਏ ਜਾ ਰਹੇ ਫ਼ੈਸਲਿਆਂ ਕਾਰਨ ਲਗਾਤਾਰ ਖਜਾਨੇ ਉੱਪਰ ਬੋਝ ਵਧਦਾ ਜਾ ਰਿਹਾ ਹੈ ਜੇਕਰ ਸਰਕਾਰ ਵੱਲੋਂ ਆਉਂਦੇ ਦਿਨਾਂ ਵਿਚ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕੀਤਾ ਜਾਂਦਾ ਹੈ ਤਾਂ ਇਸ ਨਾਲ ਖਜਾਨੇ ਉੱਪਰ ਬੋਝ ਵਧੇਗਾ।