ਬਠਿੰਡਾ: ਕੋਰੋਨਾ ਵਾਇਰਸ ਦੁਨੀਆ ਲਈ ਇੱਕ ਆਫ਼ਤ ਦੇ ਰੂਪ ਵਿੱਚ ਆਇਆ ਹੈ, ਜਿਸ ਨੇ ਮਨੁੱਖ ਦੇ ਜ਼ਿੰਦਗੀ ਜਿਉਣ ਦੇ ਢੰਗ ਨੂੰ ਹੀ ਬਦਲ ਕੇ ਰੱਖ ਦਿਤਾ ਹੈ। ਆਮ ਲੋਕ ਕੋਰੋਨਾ ਤੋਂ ਬਚਣ ਲਈ ਮਾਸਕ ਦੀ ਵਰਤੋਂ ਕਰਨ ਲੱਗੇ ਹਨ ਅਤੇ ਹਰ ਕੋਈ ਮਾਸਕ ਪਾ ਕੇ ਹੀ ਘਰੋਂ ਬਾਹਰ ਨਿਕਲ ਰਿਹਾ ਹੈ। ਬਠਿੰਡਾ ਵਾਸੀ ਹਮੇਸ਼ਾ ਤੋਂ ਆਪਣੇ ਵੱਖਰੇ ਸ਼ੌਕ ਲਈ ਮਸ਼ਹੂਰ ਰਹੇ ਹਨ ਅਤੇ ਹੁਣ ਬਠਿੰਡੇ ਦੇ ਬਜ਼ਾਰਾਂ ਵਿੱਚ ਔਰਤਾਂ ਆਪਣੇ ਸੂਟਾਂ ਨਾਲ ਮੈਚਿੰਗ ਵਾਲੇ ਮਾਸਕ ਬਣਵਾ ਰਹੀਆਂ ਹਨ। ਇਨ੍ਹਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਉਹ ਮਾਸਕ ਨੂੰ ਮਜਬੂਰੀ ਨਾ ਸਮਝਣ ਬਲਕਿ ਫੈਸ਼ਨ ਬਣਾਉਣ।
ਬਠਿੰਡੇ ਦੇ ਬਜ਼ਾਰਾਂ ਵਿੱਚ ਈਟੀਵੀ ਭਾਰਤ ਦੀ ਟੀਮ ਨੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਸਕ ਪਾਉਣਾ ਸਰਕਾਰ ਨੇ ਲਾਜ਼ਮੀ ਕਰ ਦਿੱਤਾ ਹੈ। ਇਹ ਜ਼ਰੂਰੀ ਵੀ ਹੈ ਕਿਉਂਕਿ ਇਸ ਨਾਲ ਅਸੀਂ ਖੁਦ, ਸਾਡਾ ਪਰਿਵਾਰ ਅਤੇ ਸਮਾਜ ਸੁਰੱਖਿਅਤ ਰਹਿੰਦਾ ਹੈ। ਉਨ੍ਹਾਂ ਕਿਹਾ ਜਦੋਂ ਇਹ ਪਾਉਣਾ ਜ਼ਰੂਰੀ ਹੈ ਤਾਂ ਕਿਉਂ ਨਾ ਇਸ ਨੂੰ ਚੰਗੇ ਪੱਖ ਵਜੋਂ ਲੈਂਦੇ ਹੋਏ ਫੈਸ਼ਨ ਦੇ ਰੂਪ ਵਿੱਚ ਲਿਆ ਜਾਵੇ। ਜੋ ਵੇਖਣ ਵਿੱਚ ਵੀ ਸੋਹਣਾ ਲੱਗਦਾ ਹੈ ਅਤੇ ਸਿਹਤ ਵੀ ਸੁਰੱਖਿਅਤ ਰਹਿੰਦੀ ਹੈ।
ਸ਼ਹਿਰ ਦੇ ਦਰਜੀਆਂ ਅਤੇ ਕਪੜਿਆਂ ਵਾਲੀਆਂ ਦੁਕਾਨਾਂ ਲਈ ਮਸ਼ਹੂਰ ਧੋਬੀ ਬਜ਼ਾਰ ਦੇ ਦਰਜੀਆਂ ਦਾ ਆਖਣਾ ਹੈੈ ਕਿ ਹੁਣ ਮਹਿਲਾਵਾਂ ਸੂਟ ਦੇ ਨਾਲ ਮਾਸਕ ਵੀ ਬਣਾਉਣ ਦੀ ਮੰਗ ਕਰਦੀਆਂ ਹਨ। ਦਰਜੀਆਂ ਨੇ ਕਿਹਾ ਕਿ ਉਹ ਆਪਣੇ ਗਾਹਕ ਦੀ ਮੰਗ ਦੇ ਅਨੁਸਾਰ ਮੁਫ਼ਤ ਵਿੱਚ ਮਾਸਕ ਬਣਾ ਕੇ ਗਾਹਕਾਂ ਨੂੰ ਦੇ ਰਹੇ ਹਨ। ਇਸ ਨਾਲ ਗਾਹਕ ਵੀ ਖੁਸ਼ ਹੁੰਦਾ ਹੈ ਅਤੇ ਸਮਾਜ ਦੀ ਸੇਵਾ ਵੀ ਹੁੰਦੀ ਹੈ।
ਇਸੇ ਤਰ੍ਹਾਂ ਹੀ ਦਰਜੀ ਤਰਸੇਮ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਗਾਹਕ ਕੋਲ ਕੱਪੜਾ ਥੁੜ੍ਹ ਜਾਵੇ ਤਾਂ ਉਹ ਖ਼ੁਦ ਆਪਣੇ ਕੋਲੋ ਸੂਤੀ ਕਪੱੜੇ ਦਾ ਮਾਸਕ ਬਣਾ ਕੇ ਦਿੰਦੇ ਹਨ। ਇਸ ਨਾਲ ਗਾਹਕ ਨੂੰ ਅਸਾਨੀ ਹੁੰਦੀ ਹੈ ਕਿਉਂਕਿ ਬਜ਼ਾਰ ਵਿੱਚ ਉਪਲਬਧ ਮਾਸਕ ਕਾਫੀ ਸਖ਼ਤ ਹੁੰਦਾ ਹੈ। ਸੂਤੀ ਕੱਪੜੇ ਦੇ ਮਾਸਕ ਨੂੰ ਪਹਿਨਣਾ ਲੋਕਾਂ ਲਈ ਸਹੀ ਹੁੰਦਾ ਹੈ।