ਬਠਿੰਡਾ: ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਇੱਕ ਨਵੀਂ ਕਠਿਨਾਈ ਦਾ ਸਾਹਮਣਾ ਕਰਨਾ ਪਵੇਗਾ ਕੇਂਦਰ ਸਰਕਾਰ ਵੱਲੋਂ ਜਲਦ ਹੀ ਝੋਨੇ ਦੀ ਖ਼ਰੀਦ ਦੇ ਪੈਮਾਨਿਆਂ ਵਿਚ ਤਬਦੀਲੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਹੁਣ ਸਿਰਫ਼ 14 ਪ੍ਰਤੀਸ਼ਤ ਨਮੀ ਵਾਲੇ ਝੋਨੇ ਨੂੰ ਹੀ ਖਰੀਦਿਆ ਜਾਵੇਗਾ। ਇਸ ਤੋਂ ਪਹਿਲਾਂ 15 ਪ੍ਰਤੀਸ਼ਤ ‘ਤੇ ਖਰੀਦਿਆ ਜਾਂਦਾ ਸੀ।
ਝੋਨੇ ਦੀ ਨਮੀ ਦੀ ਮਾਤਰਾ 15 ਤੋਂ ਘਟਾ ਕੇ 14 ਪ੍ਰਤੀਸ਼ਤ ਕੀਤੀ
ਪੰਜਾਬ ਭਾਜਪਾ ਵੱਲੋਂ ਤਬਦੀਲ ਕੀਤੇ ਜਾ ਰਹੇ ਇਨ੍ਹਾਂ ਪੈਮਾਨਿਆਂ ਨੂੰ ਲੈ ਕੇ ਕੇਂਦਰ ਸਰਕਾਰ (Central Government) ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ ਜਿਸ ਵਿਚ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਵਿਚਲੇ ਕਿਸਾਨਾਂ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਵਖਰੇਵਾਂ ਵਾਧਾ ਤੁਰਿਆ ਜਾ ਰਿਹਾ ਹੈ ਜੇਕਰ ਇਹ ਪੈਮਾਨੇ ਤਬਦੀਲ ਕੀਤੇ ਜਾਂਦੇ ਹਨ ਤਾਂ ਇਹ ਪਾੜਾ ਹੋਰ ਵਧੇਗਾ। ਇਸਦੇ ਚੱਲਦੇ ਹੀ ਪੰਜਾਬ ਭਾਜਪਾ ਵੱਲੋਂ ਝੋਨੇ ਦੀ ਖ਼ਰੀਦ ਵਿਚਲੇ ਪੈਮਾਨੇ ਨਾ ਤਬਦੀਲ ਕਰਨ ਦੀ ਬੇਨਤੀ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਪੰਜਾਬ ਵਿਚ ਸਾਲ 2019 -20 ਵਿੱਚ 31 ਲੱਖ 47 ਹਜ਼ਾਰ ਹੈਕਟੇਅਰ ਝੋਨਾ ਬੀਜਿਆ ਗਿਆ ਸੀ ਅਤੇ ਸਾਲ 2020-21 ਵਿੱਚ ਇਹ ਰਕਬਾ ਘਟ ਕੇ 30 ਲੱਖ 66 ਹਜ਼ਾਰ ਹੈਕਟੇਅਰ ਰਹਿ ਗਿਆ ਹੈ।
ਕਿਸਾਨੀ ਅੰਦੋਲਨ ਦੇ ਚੱਲਦੇ ਲਏ ਜਾ ਰਹੇ ਅਜਿਹੇ ਫੈਸਲੇ-ਕਿਸਾਨ
ਕੇਂਦਰ ਸਰਕਾਰ ਵੱਲੋਂ ਲਏ ਜਾ ਰਹੇ ਅਜਿਹੇ ਫ਼ੈਸਲਿਆਂ ‘ਤੇ ਬੋਲਦਿਆਂ ਕਿਸਾਨ ਆਗੂ ਵੀਰਪ੍ਰਤਾਪ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਚੁਨੌਤੀ ਦੇ ਰਹੀ ਹੈ ਤਾਂ ਕਿ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਤੰਗ ਕੀਤਾ ਜਾ ਸਕੇ। ਕਿਸਾਨ ਨੇ ਕਿਹਾ ਕਿ ਨਵੰਬਰ ਮਹੀਨੇ ਵਿੱਚ ਝੋਨੇ ਦੀ ਫਸਲ ਆਉਂਦੀ ਹੈ ਅਤੇ ਉਸ ਸਮੇਂ ਤਾਪਮਾਨ ਸਤਾਰਾਂ ਡਿਗਰੀ ਹੁੰਦਾ ਹੈ ਜਿਸ ਨਾਲ ਝੋਨੇ ਵਿੱਚ ਨਮੀ ਦੀ ਮਾਤਰਾ ਵਧਦੀ ਹੈ।
ਕਿਸਾਨਾਂ ਨੂੰ ਡਰਾਉਣ ਦੀ ਹੋ ਰਹੀ ਹੈ ਕੋਸ਼ਿਸ਼-ਮੀਤ ਹੇਅਰ
ਭਾਜਪਾ ਵੱਲੋਂ ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਟਾਰਗੇਟ ਕਰਕੇ ਲਏ ਜਾ ਰਹੇ ਫੈਸਲਿਆਂ ‘ਤੇ ਵਿਰੋਧ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਯੂਥ ਦੇ ਪ੍ਰਧਾਨ ਮੀਤ ਹੇਅਰ ਨੇ ਕਿਹਾ ਕਿ ਤਿੰਨ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁਜ਼ੱਫਰਨਗਰ ਵਿੱਚ ਕੀਤੇ ਲੱਖਾਂ ਦੇ ਇਕੱਠ ਨੇ ਭਾਜਪਾ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਮੀਤ ਹੇਅਰ ਨੇ ਕਿਹਾ ਕਿ ਇਸ ਵਧੇ ਵਿਰੋਧ ਦੇ ਚਲਦਿਆਂ ਕੇਂਦਰ ਸਰਕਾਰ ਵੱਲੋਂ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਡਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਡਰਨ ਵਾਲੇ ਨਹੀਂ ਹਨ ਕਿਉਂਕਿ ਪੰਜਾਬੀ ਜੰਗਲਾਂ ਵਿੱਚ ਰਹਿ ਕੇ ਪੱਤੇ ਖਾ ਕੇ ਵੀ ਆਪਣਾ ਜੀਵਨ ਬਸਰ ਕਰ ਸਕਦੇ ਹਨ ਪਰ ਉਹ ਕਿਸ ਦਾ ਦਬਾਅ ਨਹੀਂ ਚੱਲਦੇ।
ਪੰਜਾਬ ਭਾਜਪਾ ਪ੍ਰਧਾਨ ਨੇ ਕੇਂਦਰ ਨੂੰ ਲਿਖੀ ਚਿੱਠੀ-ਭਾਜਪਾ ਆਗੂ
ਓਧਰ ਦੂਜੇ ਪਾਸੇ ਇਸ ਭਖੇ ਮਸਲੇ ਤੇ ਬੋਲਦਿਆਂ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਸ ਮਸਲੇ ਨੂੰ ਲੈਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਕੇਂਦਰ ਨੂੰ ਚਿੱਠੀ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਜੋ ਇਹ ਕਿਸਾਨਾਂ ਉੱਪਰ ਸਖ਼ਤੀ ਕੀਤੀ ਗਈ ਹੈ ਇਸ ਵਿੱਚ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਦੇ ਨਾਲ ਹੈ ਅਤੇ ਕੋਈ ਜੇ ਮੁਸੀਬਤ ਆਉਂਦੀ ਹੈ ਤਾਂ ਉਹ ਕੇਂਦਰ ਤੱਕ ਪਹੁੰਚ ਕਰਕੇ ਕਿਸਾਨਾਂ ਦੀ ਮਦਦ ਕਰਦੀ ਹੈ।
ਭਾਜਪਾ ਕਿਸਾਨ ਹਿਤੈਸ਼ੀ ਪਾਰਟੀ-ਭਾਜਪਾ ਆਗੂ
ਇਸ ਦੌਰਾਨ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਚਿੱਠੀ ਵਿੱਚ ਕਿਹਾ ਹੈ ਕਿ ਜੋ ਇਨ੍ਹਾਂ ਪੈਮਾਨਿਆਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਇਸ ਨਾਲ ਕਿਸਾਨਾਂ ਉੱਪਰ ਮਾੜਾ ਅਸਰ ਪਵੇਗਾ ਇਸ ਲਈ ਇਸ ਮਸਲੇ ਉੱਪਰ ਮੁੜ ਵਿਚਾਰ ਕੀਤੀ ਜਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਹਿਤੈਸ਼ੀ ਪਾਰਟੀ ਹੈ। ਭਾਜਪਾ ਆਗੂ ਨੇ ਕਿਹਾ ਕਿ ਸਮੇਂ-ਸਮੇਂ ਭਾਜਪਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਜਦੋਂ ਵੀ ਕਦੇ ਲੋੜ ਪਈ ਉਨ੍ਹਾਂ ਕਿਸਾਨੀ ਮਸਲਿਆਂ ਨੂੰ ਲੈਕੇ ਕੇਂਦਰ ਤੱਕ ਵੀ ਪਹੁੰਚ ਕੀਤੀ ਹੈ।
ਖੇਤੀਬਾੜੀ ਮਾਹਿਰ ਨੇ ਝੋਨੇ ਚ ਨਮੀਂ ਨੂੰ ਲੈਕੇ ਦਿੱਤੀ ਜਾਣਕਾਰੀ
ਝੋਨੇ ਵਿੱਚ ਨਮੀ ਦੀ ਮਾਤਰਾ ਅਤੇ ਕਾਲੇ ਦਾਣੇ ਦੇ ਵਧਣ ਦੇ ਕਾਰਨ ਦੱਸਦਿਆਂ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ. ਅਮਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਝੋਨਾ ਪੁੰਗਰ ਰਿਹਾ ਹੁੰਦਾ ਹੈ ਜੇਕਰ ਉਸ ਸਮੇਂ ਮੌਸਮ ਖ਼ਰਾਬ ਹੋ ਜਾਵੇ ਅਤੇ ਮੀਂਹ ਪੈ ਜਾਵੇ ਤਾਂ ਝੋਨੇ ਵਿੱਚ ਨਮੀ ਦੀ ਮਾਤਰਾ ਵਧਣ ਦੇ ਆਸਾਰ ਵਧ ਜਾਂਦੇ ਹਨ।
ਖਰਾਬ ਮੌਸਮ ਕਾਰਨ ਨਮੀ ਦੀ ਮਾਤਰਾ ਚ ਹੁੰਦਾ ਹੈ ਵਾਧਾ-ਖੇਤੀਬਾੜੀ ਮਾਹਿਰ
ਉਨ੍ਹਾਂ ਦੱਸਿਆ ਕਿ ਜੇਕਰ ਝੋਨੇ ਦਾ ਦਾਣਾ ਬਣਨ ਤੋਂ ਪਹਿਲਾਂ ਉਸ ਉੱਪਰ ਮੀਂਹ ਪੈ ਜਾਵੇ ਤਾਂ ਇਸ ਨਾਲ ਝੋਨੇ ਦੀ ਫ਼ਸਲ ਵਿੱਚ ਕਾਲੇ ਦਾਣੇ ਵਧਣ ਦੇ ਆਸਾਰ ਵੀ ਵਧ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖ਼ਰਾਬ ਮੌਸਮ ਵਿੱਚ ਕਦੇ ਵੀ ਸਪਰੇਅ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਫਸਲ ਨੂੰ ਪਾਣੀ ਲਗਾਉਣਾ ਚਾਹੀਦਾ ਹੈ। ਮਾਹਿਰ ਨੇ ਕਿਹਾ ਕਿ ਜੇਕਰ ਕਿਸਾਨ ਅਜਿਹਾ ਕਰਦੇ ਹਨ ਤਾਂ ਝੋਨੇ ਦੀ ਫ਼ਸਲ ਵਿੱਚ ਨਮੀਂ ਦੀ ਮਾਤਰਾ ਵਧੇਗੀ ਅਤੇ ਇਸ ਨਾਲ ਟੁੱਟ ਦੀ ਮਾਤਰਾ ਵੀ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ।
ਇਹ ਵੀ ਪੜ੍ਹੋ: ਭਾਰਤ ਬੰਦ ਇਤਿਹਾਸਕ ਹੋਵੇਗਾ, ਕਿਸਾਨਾਂ ਨੇ ਬਣਾਈ ਰਣਨੀਤੀ