ਬਠਿੰਡਾ: ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨ ਅਤੇ ਨਰਮੇ ਦੀ ਐਮਐਸਪੀ ਭਾਅ ਮੁਤਾਬਕ ਖ਼ਰੀਦ ਨਾ ਹੋਣ ਕਰਕੇ ਕਿਸਾਨਾਂ ਨੇ ਨੰਗੇ ਧੜ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਖੇਤੀ ਕਾਨੂੰਨ ਨੂੰ ਲੈ ਕੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ ਹੈ। ਇਹ ਰੋਸ ਪ੍ਰਦਰਸ਼ਨ ਕਿਸਾਨਾਂ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਨੰਗੇ ਧੜ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਪਹਿਲਾਂ ਖੇਤੀ ਕਾਨੂੰਨ ਬਣਾਏ ਅਤੇ ਹੁਣ ਨਰਮੇ ਦੀ ਐਮਐਸਪੀ ਭਾਅ ਦੇ ਮੁਤਾਬਕ ਖਰੀਦ ਨਹੀਂ ਕਰ ਰਹੀ ਹੈ।
ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਨਰਮੇ ਦਾ ਭਾਅ ਸਰਕਾਰੀ ਖਰੀਦ ਮੁਤਾਬਕ 5710 ਰੁਪਏ ਤੈਅ ਕੀਤਾ ਗਿਆ ਹੈ। ਅਜੇ ਤੱਕ ਸਰਕਾਰ ਨੇ ਨਰਮੇ ਦੀ ਖ਼ਰੀਦ ਵਿੱਚ ਦਖ਼ਲ ਵੀ ਨਹੀਂ ਦਿੱਤਾ ਹੈ ਅਤੇ ਪ੍ਰਾਈਵੇਟ ਘਰਾਣਿਆਂ ਵੱਲੋਂ ਨਰਮੇ ਦੀ ਖ਼ਰੀਦ ਘੱਟ ਪਾਤ ਕੀਤੀ ਜਾ ਰਹੀ ਹੈ।
ਸੰਦੋਹਾ ਦਾ ਕਹਿਣਾ ਹੈ ਕਿ ਜੋ ਨਰਮੇ ਦੀ ਖਰੀਦ ਵਿੱਚ ਕਿਸਾਨਾਂ ਨੂੰ 1200 ਤੋ 1300 ਰੁਪਏ ਦਾ ਘਾਟਾ ਪੈ ਰਿਹਾ ਹੈ ਉਹ ਭਾਵੇਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਜਾਂ ਮੰਡੀ ਬੋਰਡ ਭੁਗਤਾਨ ਕਰੇ।
ਇਸ ਧਰਨੇ ਵਿੱਚ ਕਿਸਾਨਾਂ ਦੇ ਛੋਟੇ ਬੱਚੇ ਵੀ ਸ਼ਾਮਿਲ ਰਹੇ, ਜਿਨ੍ਹਾਂ ਨੇ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਨਰਮੇ ਦੀ ਐਮਐਸਪੀ ਭਾਅ ਮੁਤਾਬਕ ਖ਼ਰੀਦ ਸ਼ੁਰੂ ਕਰੇ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਕਰਨਾ ਉਨ੍ਹਾਂ ਦੀ ਮਜਬੂਰੀ ਹੈ ਕਿ ਕੇਂਦਰ ਸਰਕਾਰ ਦੇ ਪ੍ਰਾਈਵੇਟ ਘਰਾਣਿਆਂ ਨੇ ਉਨ੍ਹਾਂ ਦੀ ਇਹ ਸਥਿਤੀ ਬਣਾ ਦਿੱਤੀ ਹੈ।
ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾ ਰਹੀ ਕਿਸਾਨਾਂ ਦੀ ਲੁੱਟ ਸਾਫ ਤੌਰ 'ਤੇ ਜ਼ਾਹਰ ਹੋ ਰਹੀ ਹੈ ਜੋ ਕੇਂਦਰ ਸਰਕਾਰ ਐਮਐਸਪੀ ਨੂੰ ਲਾਗੂ ਰਹਿਣ ਦੀ ਗੱਲ ਆਖਦੀ ਹੈ। ਅੱਜ ਐਮਐਸਪੀ ਦੇ ਭਾਅ ਮੁਤਾਬਕ ਨਰਮੇ ਦੀ ਖਰੀਦ ਵੀ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸੀਸੀਆਈ ਵੱਲੋਂ ਅੱਜ ਤੱਕ ਨਰਮੇ ਦੀ ਖ਼ਰੀਦ ਨੂੰ ਲੈ ਕੇ ਦਖਲ ਅੰਦਾਜ਼ੀ ਨਹੀਂ ਕੀਤੀ ਗਈ ਹੈ ਅਤੇ ਕਿਸਾਨ ਪ੍ਰਾਈਵੇਟ ਆੜ੍ਹਤੀਆਂ ਨੂੰ ਘੱਟ ਭਾਅ 'ਤੇ ਨਰਮੇ ਨੂੰ ਵੇਚਣ ਲਈ ਮਜਬੂਰ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਉਹ ਬਠਿੰਡਾ ਦੀ ਅਨਾਜ ਮੰਡੀ ਵਿੱਚ ਨੰਗੇ ਧੜ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।