ਬਠਿੰਡਾ: ਜ਼ਿਲ੍ਹੇ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਕਿਸਾਨਾਂ ਨੇ ਨਰਮਾ ਲਿਆਉਣਾ ਸ਼ੁਰੂ ਕਰ ਦਿੱਤਾ ਹੈ, ਪਰ ਸਰਕਾਰੀ ਏਜੰਸੀਆਂ ਇਸ ਨੂੰ ਨਾ ਦੇ ਬਰਾਬਰ ਹੀ ਖ਼ਰੀਦ ਰਹੀਆਂ ਹਨ। ਨਰਮਾ ਵੇਚਣ ਆਏ ਕਿਸਾਨ ਪਿਛਲੇ ਤਿੰਨ ਦਿਨਾਂ ਤੋਂ ਨਰਮੇ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਚੱਲ ਰਹੇ ਹਨ।
ਮੰਡੀ ਵਿੱਚ ਆਏ ਕਿਸਾਨ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮੰਡੀ ਵਿੱਚ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਉਸ ਦਾ ਨਰਮਾ ਵਿਕੇ ਅਤੇ ਉਹ ਵਿਹਲਾ ਹੋ ਕੇ ਆਪਣੇ ਘਰ ਜਾ ਸਕੇ, ਪਰ ਹਾਲੇ ਤੱਕ ਵੀ ਉਸ ਦੇ ਨਰਮੇ ਦੀ ਵਿਕਰੀ ਨਹੀਂ ਹੋਈ ਹੈ। ਉਸ ਦਾ ਕਹਿਣਾ ਹੈ ਕਿ ਮੰਡੀ ਵਿੱਚ ਜ਼ਰੂਰੀ ਪ੍ਰਬੰਧ ਵੀ ਨਹੀਂ ਹਨ ਅਤੇ ਉਸ ਨੂੰ ਰਾਤ ਨੂੰ ਮੰਡੀ ਦੇ ਵਿੱਚ ਹੀ ਸੌਣਾ ਪੈ ਰਿਹਾ ਹੈ।
ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਕਾਫ਼ੀ ਟਰੈਕਟਰ ਖੜ੍ਹੇ ਹਨ, ਜਿਨ੍ਹਾਂ ਵਿੱਚ ਨਰਮਾ ਅਤੇ ਝੋਨਾ ਲੱਦਿਆ ਹੋਇਆ ਹੈ। 100 ਦੇ ਕਰੀਬ ਕਿਸਾਨ ਅਜਿਹੇ ਹਨ ਜੋ ਕਿ ਬੇਬਸ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਨਰਮਾ ਜਲਦ ਵਿੱਕ ਜਾਵੇ ਅਤੇ ਉਹ ਆਪਣੇ ਦੂਸਰੇ ਕੰਮ ਕਰ ਸਕਣ।
ਉੱਥੇ ਹੀ ਪੱਲੇਦਾਰ ਬਲਦੀਪ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਏਜੰਸੀਆਂ ਨੇ ਉਨ੍ਹਾਂ ਤੋਂ ਨਰਮਾ ਚੁਕਵਾਇਆ ਸੀ, ਪਰ ਉਨ੍ਹਾਂ ਨੂੰ ਹਾਲੇ ਤੱਕ ਵੀ ਉਨ੍ਹਾਂ ਦੀ ਦਿਹਾੜੀ ਨਹੀਂ ਦਿੱਤੀ ਗਈ। ਇਸ ਕਰ ਕੇ ਉਨ੍ਹਾਂ ਨੂੰ ਮਜਬੂਰਨ ਸਰਕਾਰ ਵਿਰੁੱਧ ਰੋਸ ਪ੍ਰਗਟਾਉਣਾ ਪੈ ਰਿਹਾ ਹੈ। ਪੱਲੇਦਾਰਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜਦ ਤੱਕ ਉਨ੍ਹਾਂ ਦੀ ਬਕਾਇਆ ਦਿਹਾੜੀ ਨਹੀਂ ਮਿਲਦੀ, ਉਹ ਉਦੋਂ ਤੱਕ ਨਾ ਤਾਂ ਨਰਮਾ ਚੁੱਕਣਗੇ ਅਤੇ ਨਾ ਹੀ ਝੋਨਾ ਦੀ ਲੋਡਿੰਗ ਜਾਂ ਅਪਲੋਡਿੰਗ ਨਹੀਂ ਕਰਨਗੇ। ਪੱਲੇਦਾਰਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਤੋਂ ਹੀ ਘੱਟ ਰੇਟਾਂ ਉੱਤੇ ਕੰਮ ਕਰਨ ਵਾਸਤੇ ਮਜਬੂਰ ਹਨ।