ਬਠਿੰਡਾ: ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦਾ ਰੋਹ ਇਸ ਕਦਰ ਵਧ ਚੁੱਕਾ ਹੈ ਕਿ ਉਹ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਆਪਣੀ ਜਾਨ ਤੱਕ ਦੇਣ 'ਤੇ ਉਤਾਰੂ ਹੋ ਚੁੱਕੇ ਹਨ। ਪਿੰਡ ਬਾਦਲ ਵਿੱਚ ਇਨ੍ਹਾਂ ਕੇਂਦਰ ਸਰਕਾਰ ਦੇ ਆਰਡੀਨੈਂਸਾਂ ਦੇ ਵਿਰੋਧ ਵਿੱਚ ਬਾਦਲ ਪਰਿਵਾਰ ਦੇ ਘਰ ਅੱਗੇ ਲੱਗੇ ਧਰਨੇ ਵਿੱਚ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਬਜ਼ੁਰਗ ਕਿਸਾਨ ਪ੍ਰੀਤਮ ਸਿੰਘ ਨੇ ਧਰਨੇ ਦੌਰਾਨ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਰਾਤ 9 ਵਜੇ ਮੌਤ ਹੋ ਗਈ।
ਪ੍ਰੀਤਮ ਸਿੰਘ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਨੇ ਅਤੇ ਜਗਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਤਮ ਸਿੰਘ ਮਾਨਸਾ ਜ਼ਿਲ੍ਹਾ ਦੇ ਪਿੰਡ ਅੱਕਾਂਵਾਲੀ ਪਿੰਡ ਦਾ ਰਹਿਣ ਵਾਲਾ ਸੀ। ਰੋਸ ਕਰਦਿਆਂ ਉਸਨੂੰ ਤਿੰਨ-ਚਾਰ ਦਿਨ ਹੋ ਗਏ ਸਨ। ਲੰਘੇ ਦਿਨ ਜਦੋਂ ਉਸ ਨੂੰ ਸੂਚਨਾ ਮਿਲੀ ਕਿ ਖੇਤੀ ਆਰਡੀਨੈਂਸ ਲਾਗੂ ਕਰ ਦਿੱਤੇ ਗਏ ਹਨ ਤਾਂ ਉਸ ਨੇ ਸਵੇਰ ਕਰੀਬ ਸਾਢੇ ਪੰਜ ਵਜੇ ਸਲਫਾਸ ਖਾ ਲਈ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਸੂਬਾ ਕਮੇਟੀ ਦਾ ਫ਼ੈਸਲਾ ਤੈਅ ਕਰੇਗਾ ਕਿ ਅਗਲੀ ਰਣਨੀਤੀ ਕੀ ਰਹੇਗੀ।
ਉਧਰ, ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਕਿਸਾਨ ਪ੍ਰੀਤਮ ਸਿੰਘ, ਜਿਸ ਨੇ ਸਵੇਰੇ ਜ਼ਹਿਰ ਨਿਗਲ ਲਿਆ ਸੀ, ਦੀ ਜ਼ੇਰੇ ਇਲਾਜ ਮੌਤ ਹੋ ਚੁੱਕੀ ਹੈ। ਕਿਸਾਨ ਜਥੇਬੰਦੀ ਅਤੇ ਪਰਿਵਾਰਕ ਮੈਂਬਰਾਂ ਦੀ ਨਿਗਰਾਨੀ ਹੇਠ ਪੋਸਟਮਾਰਟਮ ਲਈ ਮ੍ਰਿਤਕ ਦੇਹ ਨੂੰ ਮੋਰਚਰੀ ਵਿਚ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਲਈ ਗਈ ਹੈ।