ਬਠਿੰਡਾ: ਪਿੰਡ ਜਿਉਂਦ ਤੋਂ ਕਿਸਾਨ ਵੱਲੋਂ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਵਿੱਚ ਕਿਸਾਨ ਸੌਦਾਗਰ ਸਿੰਘ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਿਸਾਨ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸੌਦਾਗਰ ਸਿੰਘ ਦੇ ਇਲਾਜ ਕਰ ਰਹੇ ਡਾਕਟਰ ਸਿੰਘ ਦਾ ਕਹਿਣਾ ਹੈ ਕਿ ਸੌਦਾਗਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ 72 ਘੰਟਿਆਂ ਤੋਂ ਬਾਅਦ ਹੀ ਉਸ ਦੀ ਸਿਹਤ ਦਾ ਚੰਗੀ ਤਰ੍ਹਾਂ ਪਤਾ ਚੱਲ ਸਕਦਾ ਹੈ। ਦੱਸ ਦਈਏ, ਕਿਸਾਨ ਸੌਦਾਗਰ ਸਿੰਘ ਨੇ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਦੀ ਜ਼ਮੀਨ 'ਤੇ ਉਸ ਦੇ ਪਿੰਡ ਦੇ ਕੁਝ ਸਰਮਾਏਦਾਰ ਕਬਜ਼ਾ ਕਰਨਾ ਚਾਹੰਦੇ ਹਨ। ਜਦੋਂ ਕੱਲ ਉਹ ਆਪਣੇ ਖੇਤ ਵਿਚ ਗਿਆ ਸੀ ਬੋਰ ਲਾਉਣ ਲਈ ਗਿਆ ਤਾਂ ਉਸ ਦੇ ਪਿੱਛੇ 15 ਤੋਂ ਵੱਧ ਵਿਅਕਤੀ ਮਗਰ ਪੈ ਗਏ ਤੇ ਉਹ ਜਾਨ ਬਚਾ ਕੇ ਉੱਥੋਂ ਭੱਜ ਗਿਆ।
ਉਸ ਨੇ ਦੱਸਿਆ ਕਿ ਉਸ ਦਾ ਟਰੈਕਟਰ ਵੀ ਅਜੇ ਉਸੇ ਥਾਂ 'ਤੇ ਖੜ੍ਹਾ ਹੈ। ਉਸ ਨੇ ਦੱਸਿਆ ਕਿ ਉਸ ਦੇ 2 ਬੱਚੇ ਹਨ ਤੇ ਪਿਛਲਾ ਕਰਜ਼ਾ ਚੁਕਾਉਣ ਵਾਸਤੇ ਉਸ ਨੇ ਜ਼ਮੀਨ ਵੇਚੀ ਸੀ। ਇਸ ਤੋਂ ਬਾਅਦ ਉਸ ਨੇ ਕੁਝ ਜ਼ਮੀਨ ਪਿੰਡ ਵਿੱਚ ਖਰੀਦੀ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਪਰ ਉਸ ਦੇ ਨਾਲ ਕੁਝ ਲੋਕ ਧੱਕਾ ਕਰ ਰਹੇ ਹਨ ਤੇ ਉਸ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਦੂਜੇ ਪਾਸੇ ਐੱਸਐੱਸਪੀ ਡਾ.ਨਾਨਕ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।