ਬਠਿੰਡਾ : 31 ਜਨਵਰੀ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਬਠਿੰਡਾ ਦੇ ਹਲਕਾ ਮੌੜ ਮੰਡੀ ਕਾਂਗਰਸ ਦੀ ਰੈਲੀ ਨੇੜੇ ਹੋਏ ਬੰਬ ਬਲਾਸਟ ਵਿੱਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋਈ ਸੀ। ਇਸ ਮਾਮਲੇ ਵਿੱਚ ਪੀੜਤ ਪਰਿਵਾਰ ਹਾਲੇ ਵੀ ਇਨਸਾਫ਼ ਦੀ ਉਡੀਕ ਵਿੱਚ ਹਨ। ਇਸ ਬੰਬ ਕਾਂਡ ਵਿੱਚ ਗਲੀ ਦੇ ਚਾਰ ਬੱਚੇ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ। ਕਰੀਬ ਛੇ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਪਰਿਵਾਰ ਇਨਸਾਫ ਦੀ ਉਡੀਕ ਕਰ ਰਹੇ ਹਨ।
ਇਨਸਾਫ 'ਚ ਦੇਰੀ ਲਈ ਸਰਕਾਰਾਂ ਜ਼ਿੰਮੇਵਾਰ : ਇਨਸਾਫ਼ ਲਈ ਹੋ ਰਹੀ ਦੇਰੀ ਲਈ ਪਰਿਵਾਰ ਨੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਇਸ ਬੰਬ ਕਾਂਡ ਦੀ ਭੇਟ ਚੜ੍ਹੇ ਸੌਰਵ ਸਿੰਗਲਾ ਦੇ ਪਿਤਾ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਮੌੜ ਬੰਬ ਕਾਂਡ ਦੇ ਪੀੜਤਾਂ ਨੂੰ ਇਨਸਾਫ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ, ਪਰ ਹਾਲੇ ਤੱਕ ਨਾ ਤਾਂ ਦੋਸ਼ੀ ਫੜੇ ਗਏ, ਨਾ ਹੀ ਪੀੜਤ ਪਰਿਵਾਰਾਂ ਲਈ ਕੀਤੇ ਗਏ ਐਲਾਨ ਪੂਰੇ ਕੀਤੇ ਗਏ ਹਨ।
ਅਜੇ ਤੱਕ ਇਨਸਾਫ ਦੀ ਉਡੀਕ : ਇਸ ਬੰਬ ਕਾਂਡ ਵਿੱਚ ਮਾਰੇ ਗਏ ਕੁਝ ਪਰਿਵਾਰਾਂ ਨੂੰ ਸਰਕਾਰ ਵੱਲੋਂ ਮਾਲੀ ਮਦਦ ਅਤੇ ਨੌਕਰੀ ਜ਼ਰੂਰ ਦਿੱਤੀ ਗਈ, ਪਰ ਉਹ ਹਾਲੇ ਵੀ ਸਰਕਾਰੀ ਨੌਕਰੀ ਤੋਂ ਵਾਂਝੇ ਹਨ। ਇਸ ਬੰਬ ਕਾਂਡ ਵਿੱਚ ਮਾਰੇ ਗਏ ਜਪ ਸਿਮਰਨ ਸਿੰਘ ਦੇ ਦਾਦਾ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਮੌੜ ਬੰਬ ਕਾਂਡ ਕਾਰਨ ਜੋ ਉਨ੍ਹਾਂ ਨੂੰ ਜਖ਼ਮ ਮਿਲੇ ਹਨ, ਉਹ ਹਾਲੇ ਵੀ ਅੱਲੇ ਹਨ। ਸਰਕਾਰ ਇਨ੍ਹਾਂ ਜ਼ਖ਼ਮਾਂ ਉੱਤੇ ਲੂਣ ਛਿੜਕਣ ਤੋਂ ਬਾਜ਼ ਨਹੀਂ ਆ ਰਹੀ, ਕਿਉਂਕਿ ਨਾ ਹੀ ਉਨ੍ਹਾਂ ਨੂੰ ਹਾਲੇ ਤੱਕ ਇਨਸਾਫ ਮਿਲਿਆ ਹੈ ਅਤੇ ਨਾ ਹੀ ਪੁਲਿਸ ਵੱਲੋਂ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੌੜ ਬੰਬ ਕਾਂਡ ਵਿੱਚ ਹੀ ਮਾਰੇ ਗਏ ਰਿਪਨ ਜੀਤ ਸਿੰਘ ਦੇ ਪਿਤਾ ਨਛੱਤਰ ਸਿੰਘ ਦਾ ਕਹਿਣਾ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਐਲਾਨ ਜ਼ਰੂਰ ਕੀਤੇ ਜਾਂਦੇ ਰਹੇ, ਪਰ ਹਾਲੇ ਤਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ ਅਤੇ ਨਾ ਹੀ ਮੌੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਕਾਰਨ ਉਹ ਕਾਫੀ ਨਿਰਾਸ਼ ਹਨ।
ਇਹ ਵੀ ਪੜ੍ਹੋ: Drunk Girl Drama in Bathinda: ਨਸ਼ੇ ਵਿੱਚ ਧੁੱਤ ਕੁੜੀ ਦਾ ਹਾਈ ਵੋਲਟੇਜ਼ ਡਰਾਮਾ, ਪੁਲਿਸ ਨੂੰ ਕੱਢੀਆਂ ਗਾਲ੍ਹਾਂ !