ਬਠਿੰਡਾ: ਸਪੈਸ਼ਲ ਟਾਸਕ ਫੋਰਸ ਬਠਿੰਡਾ ਜ਼ੋਨ ਦੇ ਡੀਐੱਸਪੀ ਵੱਲੋਂ ਆਪਣੇ ਹੀ ਮਹਿਕਮੇ ਦੇ ਇੱਕ ਏਐੱਸਆਈ ਦੀ ਪਤਨੀ ਨਾਲ ਬਲੇਕਮੈਲ ਅਤੇ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਡੀਐੱਸਪੀ ਨੂੰ ਏਐੱਸਆਈ ਦੀ ਪਤਨੀ ਸਮੇਤ ਇੱਥੋਂ ਦੇ ਹੋਟਲ ’ਚੋਂ ਇਤਰਾਜ਼ਯੋਗ ਹਾਲਤ 'ਚ ਕਾਬੂ ਕੀਤਾ ਗਿਆ। ਡੀਐੱਸਪੀ ਖ਼ਿਲਾਫ਼ ਬਲੇਕਮੈਲ ਅਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਡੀਐੱਸਪੀ ਗੁਰਸ਼ਰਨ ਸਿੰਘ ਨੂੰ ਸੋਮਵਾਰ ਰਾਤ ਸਮੇਂ ਇੱਥੋਂ ਦੇ ਹਨੂੰਮਾਨ ਚੌਕ ’ਚ ਸਥਿਤ ਹੋਟਲ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਐੱਸਟੀਐੱਫ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਪੁਲਿਸ ਦੇ ਏਐੱਸਆਈ, ਉਸ ਦੀ ਪਤਨੀ ਤੇ ਪੁੱਤਰ ਨੂੰ ਚਿੱਟੇ ਸਮੇਤ ਗ੍ਰਿਫ਼ਤਾਰ ਕਰਕੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਬਾਅਦ ’ਚ ਔਰਤ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋ ਗਈ, ਜਦੋਂ ਕਿ ਉਸ ਦਾ ਪਤੀ ਤੇ ਪੁੱਤਰ ਜੇਲ੍ਹ ਵਿੱਚ ਹੀ ਹਨ। ਉਹ ਆਪਣੇ ਪਤੀ ਤੇ ਪੁੱਤਰ ਦੀ ਰਿਹਾਈ ਲਈ ਡੀਐੱਸਪੀ ਕੋਲ ਜਾਂਦੀ ਰਹੀ। ਜਿਸ ਤੋਂ ਬਾਅਦ ਡੀਐਸਪੀ ਏਐੱਸਆਈ ਦੀ ਪਤਨੀ ਨੂੰ ਫ਼ੋਨ ਕਰਕੇ ਵਾਰ-ਵਾਰ ਪ੍ਰੇਸ਼ਾਨ ਕਰਨ ਲੱਗਾ।
ਔਰਤ ਮੁਤਾਬਿਕ ਡੀਐਸਪੀ ਨੇ ਉਸ ਨੂੰ ਡਰਾ-ਧਮਕਾ ਕੇ ਉਸ ਨਾਲ ਕਈ ਜਬਰ-ਜਨਾਹ ਕੀਤਾ। 26 ਅਕਤੂਬਰ ਦੀ ਰਾਤ ਨੂੰ ਪੁਲਿਸ ਅਧਿਕਾਰੀ ਨੇ ਫਿਰ ਉਸ ਨੂੰ ਹੋਟਲ ’ਚ ਬੁਲਾਇਆ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਬਲੈਕਮੇਲਿੰਗ ਤੋਂ ਤੰਗ ਆਈ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਡੀਐਸਪੀ ਨੂੰ ਕਾਬੂ ਕੀਤਾ।
ਪੁਲਿਸ ਅਧਿਕਾਰੀ ਆਸ਼ਵੰਤ ਸਿੰਘ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਜਬਰ-ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।