ਤਲਵੰਡੀ ਸਾਬੋ: ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਇੱਕ ਗੰਭੀਰ ਸੰਕਟ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਸੇ ਦੌਰਾਨ ਹਰ ਕਿੱਤੇ ਨਾਲ ਜੁੜੇ ਹੋਏ ਲੋਕਾਂ ਨੂੰ ਭਾਰੀ ਦਿੱਕਤਾਂ ਦੇ ਨਾਲ-ਨਾਲ ਨੁਕਸਾਨ ਝੱਲਣਾ ਪੈ ਰਿਹਾ ਹੈ। ਸਰਕਾਰ ਨੇ ਕੋਰੋਨਾ ਤੋਂ ਬਚਾਅ ਲਈ ਪੰਜਾਬ 'ਚ ਕਰਫਿਊ ਲਗਾਇਆ ਹੈ। ਇਸ ਕਰਫਿਊ ਦੌਰਾਨ ਕਿਸਾਨਾਂ ਨੂੰ ਭਾਰੀ ਸੱਟ ਵੱਜ ਰਹੀ ਹੈ। ਕੁਝ ਇਸੇ ਤਰ੍ਹਾਂ ਦੇ ਹਲਾਤਾਂ ਨਾਲ ਦੋ-ਚਾਰ ਹੋ ਰਹੇ ਨੇ ਜ਼ਿਲ੍ਹਾ ਬਠਿੰਡਾ ਦੇ ਆੜੂ ਅਤੇ ਆਲੂਬੁਖਾਰੇ ਦੇ ਬਾਗਵਾਨ। ਜਿਨ੍ਹਾਂ ਦੀ ਫਸਲ ਪੱਕ ਕੇ ਤਿਅਰ ਹੈ ਪਰ ਇਸ ਫਸਲ ਦਾ ਸਹੀ ਤਰੀਜੇ ਨਾਲ ਮੰਡੀਕਰਨ ਨਹੀਂ ਹੋ ਰਿਹਾ।
ਇਨ੍ਹਾਂ ਬਾਗਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਫਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹਨ ਅਤੇ ਇਸ ਸਾਲ ਫਲ ਵੀ ਬਹੁਤ ਵਧੀਆਂ ਲੱਗਿਆ ਹੈ। ਬਾਗਵਾਨਾਂ ਨੇ ਕਿਹਾ ਕਿ ਕਰਫਿਊ ਕਾਰਨ ਉਨ੍ਹਾਂ ਦੇ ਫਲਾਂ ਦਾ ਉਚਿਤ ਮੰਡੀਕਰਨ ਨਹੀਂ ਹੋ ਰਿਹਾ। ਬਾਗਵਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਫਲ ਨੂੰ ਸੂਬੇ ਦੀਆਂ ਵੱਡੀਆਂ ਮੰਡੀਆਂ ਵਿੱਚ ਲੈ ਕੇ ਜਾਣ ਦੀ ਆਗਿਆ ਦਿੱਤੀ ਜਾਵੇ। ਸਰਕਾਰ ਨੇ ਕਿਸਾਨਾਂ ਦੀ ਕਣਕ ਦੇ ਮੰਡੀ ਕਰਣ ਦੇ ਜਿਸ ਤਰ੍ਹਾਂ ਪ੍ਰਬੰਧ ਕੀਤੇ ਹਨ ਉਸੇ ਤਰ੍ਹਾਂ ਹੀ ਸਰਕਾਰ ਨੂੰ ਇਨ੍ਹਾਂ ਬਾਗਵਾਨਾਂ ਦੀ ਬਾਂਹ ਫੜ੍ਹਣੀ ਚਾਹੀਦੀ ਹੈ।