ਬਠਿੰਡਾ: ਦੇਸ਼ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਕੋਰੋਨਾ ਵੈਕਸੀਨ ਬਣਾਉਣ ਦੀਆਂ ਤਿਆਰੀਆਂ ਹੁਣ ਮੁਕੰਮਲ ਹੁੰਦੀਆਂ ਨਜ਼ਰ ਆ ਰਹੀਆਂ ਹਨ, ਜਿਸ ਨੂੰ ਲੈ ਕੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਸਿਵਲ ਸਰਜਨ ਅਮਰੀਕ ਸਿੰਘ ਸੰਧੂ ਨੇ ਆਖਿਆ ਕਿ ਇਸ ਦੀ ਸ਼ੁਰੂਆਤ ਬਠਿੰਡਾ ਵਿੱਚ ਵੀ ਜਲਦ ਹੋਵੇਗੀ।
ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਸਿਵਲ ਸਰਜਨ ਨੇ ਕਿਹਾ ਕਿ ਪੰਜਾਬ ਵਿੱਚ ਵੀ ਕੋਰੋਨਾ ਵੈਕਸੀਨ ਨੂੰ ਲੈ ਕੇ ਤਿਆਰੀਆਂ ਮੁਕੰਮਲ ਹਨ ਅਤੇ ਜ਼ਿਲ੍ਹਾ ਪੱਧਰ 'ਤੇ ਵੀ ਤਿਆਰੀਆਂ ਲਗਭਗ ਪੂਰਨ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਸਟੋਰੇਜ ਲਈ ਚਾਰ ਸੈਂਟਰ ਬਣਾਏ ਗਏ ਹਨ, ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਹੁਸ਼ਿਆਰਪੁਰ ਅਤੇ ਫ਼ਿਰੋਜ਼ਪੁਰ ਹੋਣਗੇ, ਜਿੱਥੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੋਰੋਨਾ ਵੈਕਸੀਨ ਭੇਜੀ ਜਾਵੇਗੀ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਬਲਾਕਾਂ ਨੂੰ ਵੀ ਕੋਰੋਨਾ ਵੈਕਸੀਨ ਜਾਰੀ ਕੀਤੀ ਜਾਣਗੀਆਂ।
ਸਿਵਲ ਸਰਜਨ ਸੰਧੂ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਇਸ ਮਹਾਂਮਾਰੀ ਦੇ ਖ਼ਤਰੇ ਦੌਰਾਨ ਕੰਮ ਕਰ ਰਹੇ ਸਿਹਤ ਕਾਮਿਆਂ ਤੋਂ ਹੋਵੇਗੀ, ਜੋ ਕੋਰੋਨਾ ਯੋਧੇ ਹਨ। ਭਾਵੇਂ ਉਹ ਸਰਕਾਰੀ ਹਸਪਤਾਲ ਦੇ ਹੋਣ ਜਾਂ ਪ੍ਰਾਈਵੇਟ ਹਸਪਤਾਲ ਦੇ ਹੋਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 8500 ਸਿਹਤ ਕਰਮਚਾਰੀ ਹਨ, ਜਿਨ੍ਹਾਂ ਵਿਚੋਂ 35 ਸਰਕਾਰੀ ਹਸਪਤਾਲ ਦੇ ਹਨ ਤੇ 175 ਪ੍ਰਾਈਵੇਟ ਹਸਪਤਾਲਾਂ ਦੇ ਹਨ। ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਨਾਲ ਸਾਂਝਾ ਕਰਦਿਆਂ ਪੋਰਟਲ ਦੇ ਉੱਤੇ ਵੀ ਅਪਡੇਟ ਕਰ ਦਿੱਤਾ ਹੈ। ਇਸ ਤੋਂ ਬਾਅਦ ਦੂਸਰੇ ਲੋਕਾਂ ਤਕ ਇਸ ਦੀ ਪਹੁੰਚ ਕੀਤੀ ਜਾਵੇਗੀ।
ਕੋਰੋਨਾ ਵੈਕਸੀਨ ਦੀ ਸ਼ੁਰੂਆਤ ਕਦੋਂ ਹੋਵੇਗੀ, ਦੇ ਸਵਾਲ ਬਾਰੇ ਸਿਵਲ ਸਰਜਨ ਨੇ ਕਿਹਾ ਕਿ ਵੈਕਸੀਨ ਦੀ ਛੇਤੀ ਸ਼ੁਰੂਆਤ ਹੋ ਜਾਵੇਗੀ। ਇਸ ਦਾ ਮੁਕੰਮਲ ਸਮਾਂ ਵੱਧ ਤੋਂ ਵੱਧ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਹੋ ਸਕਦਾ ਹੈ।