ਬਠਿੰਡਾ: ਪੰਜਾਬ ਵਿੱਚ ਕੋਰੋਨਾਵਾਇਰਸ ਨੇ ਇੱਕ ਵਾਰ ਫੇਰ ਤੇਜੀ ਫੜ੍ਹਨੀ ਸ਼ੁਰੂ ਕਰ ਦਿੱਤੀ ਹੈ ਅਤੇ ਲਗਾਤਾਰ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਕੋਰੋਨਾ ਨੇ ਫੜੀ ਰਫ਼ਤਾਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਅਗੇਤੀਆਂ ਤਿਆਰੀਆਂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਬਕਾਇਦਾ ਪੰਜਾਬ ਸਰਕਾਰ ਵੱਲੋਂ ਇਕ ਮੌਕ ਡਰਿੱਲ ਕਰਵਾਈ ਗਈ ਹੈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਕਰਮਚਾਰੀਆਂ ਦੇ ਨਾਲ ਨਾਲ ਇਨਫਰਾਸਟਕਚਰ ਨੂੰ ਵੀ ਪਰਖਿਆ ਗਿਆ ਹੈ।
ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਦਾ ਦਾਅਵਾ: ਪਿਛਲੇ ਸਮੇਂ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਵਿੱਚ ਜ਼ਿਆਦਾਤਰ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ ਵੱਡੀ ਸਮੱਸਿਆ ਪੈਦਾ ਹੋ ਗਈ ਸੀ, ਪਰ ਇਸ ਵਾਰ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਆਕਸੀਜਨ ਪਲਾਂਟਾਂ ਨੂੰ ਇੰਸਟਾਲ ਕਰਵਾਇਆ ਗਿਆ ਹੈ। ਸੋਮਵਾਰ ਨੂੰ ਇਸ ਮੌਕ ਡਰਿਲ ਦੌਰਾਨ ਇਨ੍ਹਾਂ ਦੀ ਵੀ ਪਰਖ ਕੀਤੀ ਗਈ ਹੈ। ਇਸ ਤੋਂ ਇਲਾਵਾ ਨਰਸਿੰਗ ਸਟਾਫ ਅਤੇ ਡਾਕਟਰ ਵੀ ਬਕਾਇਦਾ ਪੀਪੀਈ ਕਿੱਟ ਪਾ ਮੌਕ ਡਿਰਲ ਦਾ ਹਿੱਸਾ ਬਣੇ। ਸਿਹਤ ਵਿਭਾਗ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਉਨ੍ਹਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਖਿਲਾਫ ਲੜਨ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਕਾਇਦਾ ਐਂਬੂਲੈਂਸ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਦੇ ਨਾਲ ਹੀ, ਆਕਸੀਜਨ ਪਲਾਂਟ ਦੇ ਨਾਲ-ਨਾਲ ਐਮਰਜੈਂਸੀ ਆਕਸੀਜਨ ਸਲੰਡਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਕੋਰੋਨਾ ਮਹਾਂਮਾਰੀ ਦੌਰਾਨ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ। ਸਿਹਤ ਵਿਭਾਗ ਵੱਲੋਂ ਭੀੜ-ਭਾੜ ਵਾਲੇ ਥਾਂਵਾਂ ਸਟੇਸ਼ਨ ਅਤੇ ਬੱਸ ਸਟੈਂਡ ਉੱਤੇ ਮੋਬਾਇਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਆਉਣ ਜਾਣ ਵਾਲਿਆਂ ਦੇ ਕੋਰੋਨਾ ਟੈਸਟ ਕਰ ਰਹੀਆਂ ਹਨ। ਪੰਜਾਬ ਦੇ ਬਹੁਤ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਲੈਵਲ 2 ਤੱਕ ਹੀ ਕੋਰੋਨਾ ਵਾਇਰਸ ਦਾ ਇਲਾਜ ਸੰਭਵ ਹੈ।
ਕੋਰੋਨਾ ਮਰੀਜ਼ ਦੁਬਾਰਾ ਠੱਗੇ ਨਾ ਜਾਣ: ਦੂਜੇ ਪਾਸੇ, ਸਮਾਜ ਸੇਵੀ ਸੰਸਥਾ, ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੁੜ ਕੋਰੋਨਾ ਮਹਾਂਮਾਰੀ ਦੇ ਮਰੀਜ਼ਾਂ ਲਈ ਗਿਣਤੀ ਵੱਧਣ ਲੱਗੀ ਹੈ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰੇ। ਕੋਰੋਨਾ ਮਹਾਂਮਾਰੀ ਦੌਰਾਨ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਕਾਲਾ ਬਾਜ਼ਾਰੀ ਰੋਕੀ ਜਾਵੇ, ਕਿਉਂਕਿ ਪਿਛਲੀ ਵਾਰ ਕੋਰੋਨਾ ਮਹਾਂਮਾਰੀ ਦੌਰਾਨ ਹਜ਼ਾਰ 1500 ਰੁਪਏ ਵਿੱਚ ਮਿਲਣ ਵਾਲਾ ਇੰਜੈਕਸ਼ਨ 70 -70 ਹਜ਼ਾਰ ਰੁਪਏ ਤੱਕ ਵੇਚਿਆ ਗਿਆ। ਦੋ-ਦੋ, ਤਿੰਨ-ਤਿੰਨ ਹਜ਼ਾਰ ਰੁਪਏ ਵਿੱਚ ਹੋਣ ਵਾਲੇ ਟੈਸਟ ਸੱਤ ਤੋਂ 10 ਹਜ਼ਾਰ ਰੁਪਏ ਤੱਕ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੋਰੋਨਾ ਸਬੰਧੀ ਟੈਸਟ ਹਸਪਤਾਲ ਵਿੱਚ ਹੀ ਕਰਵਾਏ ਜਾਣ, ਤਾਂ ਜੋ ਪ੍ਰਾਈਵੇਟ ਲੁੱਟ ਤੋਂ ਬਚਿਆ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਸਰਕਾਰ ਕੋਈ ਕੋਰੋਨਾ ਸਬੰਧੀ ਐਡਵਾਇਜ਼ਰੀ ਜਾਰੀ ਕਰਦੀ ਹੈ, ਤਾਂ ਉਸ ਦਾ ਪਾਲਣ ਕਰਨ। ਉਹ ਪਿਛਲੀ ਵਾਰ ਕੁਝ ਲੋਕਾਂ ਵੱਲੋਂ ਜਾਰੀ ਐਡਵਾਇਜ਼ਰੀ ਦਾ ਮਜ਼ਾਕ ਉਡਾਇਆ ਹੈ ਜਿਸ ਦੇ ਗੰਭੀਰ ਨਤੀਜੇ ਭੁਗਤਣੇ ਪਏ ਸਨ ਅਤੇ ਸ਼ਮਸ਼ਾਨਘਾਟ ਵਿਚ ਸੰਸਕਾਰ ਕਰਨ ਲਈ ਜਗ੍ਹਾ ਨਹੀਂ ਮਿਲੀ ਸੀ।
ਪ੍ਰਾਈਵੇਟ ਹਸਪਤਾਲਾਂ ਵੱਲੋਂ ਲੁੱਟ: ਦੱਸਣਯੋਗ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਜ਼ਿਆਦਾਤਰ level 2 ਦੇ ਵਾਰਡ ਬਣਾਏ ਗਏ ਹਨ। ਬਹੁਤੇ ਸਰਕਾਰੀ ਹਸਪਤਾਲਾਂ ਵਿੱਚ ਆਈਸੀਯੂ ਸਹੂਲਤ ਤੱਕ ਨਹੀਂ ਹੈ, ਜੇਕਰ ਕਿਸੇ ਨੂੰ ਲੈਵਲ 3 ਦੀ ਸਮੱਸਿਆ ਆਉਂਦੀ ਹੈ, ਤਾਂ ਉਸ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਪ੍ਰਾਈਵੇਟ ਹਸਪਤਾਲਾਂ ਵਿੱਚ ਕੋਰੋਨਾ ਦੇ ਇਲਾਜ ਲਈ ਮਰੀਜ਼ਾਂ ਦੀ ਲੁੱਟ ਦੇ ਕਈ ਮਾਮਲੇ ਪਿਛਲੀ ਵਾਰ ਵੀ ਸਾਹਮਣੇ ਆਏ ਸਨ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਰੋਨਾ ਦੇ ਇਲਾਜ ਲਈ ਮਨ-ਮਰਜ਼ੀ ਵਾਲੇ ਰੇਟ ਲਏ ਗਏ ਸਨ।
ਇਹ ਵੀ ਪੜ੍ਹੋ: Papalpreet Revealed About Amritpal: ਗ੍ਰਿਫਤਾਰੀ ਤੋਂ ਬਾਅਦ ਪਪਲਪ੍ਰੀਤ ਦਾ ਖੁਲਾਸਾ, ਕਿਵੇਂ ਹੋਏ ਫ਼ਰਾਰ ਤੇ ਅੰਮ੍ਰਿਤਪਾਲ ਹੁਣ ਕਿੱਥੇ !