ਬਠਿੰਡਾ: ਸ਼ਹਿਰ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਦੇ ਬਾਹਰ ਬਰਸਾਤੀ ਪਾਣੀ ਦੇ ਨਿਕਾਸ ਨੂੰ ਲੈ ਕੇ ਢਿੱਲੀ ਕਾਰਵਾਈ ਦੇ ਪ੍ਰਤੀ ਧਰਨਾ ਦਿੱਤਾ ਗਿਆ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਅਕਾਲੀ ਪਾਰਟੀ ਦੇ ਮੇਅਰ ਵਿਰੁੱਧ ਰੋਸ ਜ਼ਾਹਰ ਕੀਤਾ ਅਤੇ ਉਨ੍ਹਾਂ ਕਿਹਾ ਕਿ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਤ੍ਰਿਵੇਣੀ ਕੰਪਨੀ ਨੂੰ ਸੀਵਰੇਜ ਬੋਰਡ ਦਾ ਠੇਕਾ ਦਿੱਤਾ ਗਿਆ ਹੈ ਅਤੇ ਉਹ ਅਕਾਲੀ ਪਾਰਟੀ ਦੇ ਚਹੇਤੇ ਹੋਣ ਕਰਕੇ ਬਠਿੰਡਾ ਵਿਕਾਸ ਦੇ ਵਿੱਚ ਰੁਕਾਵਟ ਬਣੇ ਹੋਏ ਹਨ।
ਬਠਿੰਡਾ ਵਿੱਚ ਬੀਤੇ ਦਿਨੀਂ ਹੋਈ ਬਰਸਾਤ ਤੋਂ ਬਾਅਦ ਸਿਰਕੀ ਬਾਜ਼ਾਰ ਵਿਖੇ ਜਮ੍ਹਾਂ ਹੋਏ ਪਾਣੀ ਨੂੰ ਲੈ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੁਸੀਬਤ ਦਾ ਹੱਲ ਕੱਢਣ ਲਈ ਜਦੋਂ ਕਾਂਗਰਸ ਵਰਕਰਾਂ ਵਲੋਂ ਤ੍ਰਿਵੇਣੀ ਕੰਪਨੀ ਦੇ ਅਧਿਕਾਰੀਆਂ ਨੂੰ ਫੋਨ ਕੀਤੇ ਗਏ ਤਾਂ ਉਨ੍ਹਾਂ ਨੇ ਫੋਨ ਬੰਦ ਕਰ ਲਏ। ਇਸ ਦੇ ਚੱਲਦਿਆਂ ਕਾਂਗਰਸੀ ਵਰਕਰਾਂ ਵਲੋਂ ਰੋਸ ਮੁਜ਼ਹਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਪੱਕੇ ਤੌਰ 'ਤੇ ਹੱਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਸਬੰਧ ਵਿੱਚ ਜਦੋਂ ਅਕਾਲੀ ਦਲ ਪਾਰਟੀ ਦੇ ਬਣੇ ਮੇਅਰ ਬਲਵੰਤ ਰਾਏ ਨਾਥ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਹੈਰਾਨੀ ਯੋਗ ਗੱਲ ਹੈ ਕਿ ਸੂਬਾ ਸਰਕਾਰ ਉਨ੍ਹਾਂ ਦੇ ਆਲਾ ਅਧਿਕਾਰੀ ਵੀ ਹਨ ਅਤੇ ਫਿਰ ਵੀ ਉਹ ਧਰਨੇ 'ਤੇ ਬੈਠਦੇ ਹਨ। ਜਦਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਕੰਮ ਨੂੰ ਉਨ੍ਹਾਂ ਤੋਂ ਵੀ ਕਰਵਾ ਸਕਦੇ ਹਨ ਪਰ ਇਹ ਸਰਾਸਰ ਵਿਕਾਸ ਦੇ ਨਾਂਅ ਤੋਂ ਸਿਆਸਤ ਖੇਡੀ ਜਾ ਰਹੀ ਹੈ।