ਬਠਿੰਡਾ: ਪੰਜਾਬ ਅੰਦਰ ਜੇਲ੍ਹਾਂ ਦੀ ਸੁਰੱਖਿਆ ਹਮੇਸ਼ਾ ਚਿੰਤਾ ਦਾ ਵਿਸ਼ਾ ਰਹੀ ਹੈ ਅਤੇ ਸਮੇਂ ਸਮੇਂ ਉੱਤੇ ਜੇਲ੍ਹਾਂ ਦੇ ਅੰਦਰ ਕਈ ਤਰ੍ਹਾਂ ਦੇ ਕਾਂਢ ਵੀ ਹੁੰਦੇ ਰਹਿੰਦੇ ਹਨ। ਪੰਜਾਬ ਸਰਕਾਰ ਅਤੇ ਸਮੇਂ ਸਮੇਂ ਉੱਤੇ ਬਣੇ ਜੇਲ੍ਹ ਮੰਤਰੀ ਵਿਗੜੇ ਸਿਸਟਮ ਉੱਤੇ ਨੱਥ ਪਾਉਣ ਦੀ ਗੱਲ ਕਰਦੇ ਹਨ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਅਤੇ ਹੁਣ ਬਠਿੰਡਾ ਜ਼ਿਲ੍ਹੇ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਜੇਲ੍ਹ ਵਿੱਚ ਬੰਦ ਕੈਦੀ ਅਤੇ ਹਵਾਲਾਤੀਆਂ ਦੇ ਦੋ ਗੁੱਟਾਂ ਵਿਚਕਾਰ ਜ਼ਬਰਦਸਤ ਝੜਪ ਸਾਹਮਣੇ ਆਈ ਹੈ। ਪੁਲਿਸ ਨੇ ਜੇਲ੍ਹ ਅਧਿਕਾਰੀ ਜਸਪਾਲ ਸਿੰਘ ਦੀ ਸ਼ਿਕਾਇਤ ਉੱਤੇ 14 ਕੈਦੀਆਂ ਅਤੇ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਖਤਰਨਾਕ ਗੈਂਗਸਟਰ: ਇਥੇ ਦੱਸਣਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਆਏ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ ਅਤੇ ਕੇਂਦਰੀ ਜੇਲ੍ਹ ਬਠਿੰਡਾ ਵਿੱਚ 53 ਦੇ ਕਰੀਬ ਗੈਂਗਸਟਰ ਬੰਦ ਹਨ। ਜਿਨ੍ਹਾਂ ਵਿੱਚ ਏ ਕੈਟਾਗਿਰੀ ਦੀ ਅਤੇ ਸੀ ਕੈਟਾਗਰੀ ਨਾਲ ਸਬੰਧਤ ਹਵਾਲਾਤੀ ਅਤੇ ਕੈਦੀ ਹਨ। ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਦੀ ਸੰਖਿਆ ਵਿਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਹਨ, ਪਰ ਫਿਰ ਵੀ ਆਏ ਦਿਨ ਬਠਿੰਡਾ ਦੀ ਕੇਂਦਰੀ ਜੇਲ੍ਹ ਸੁਰਖੀਆਂ ਵਿੱਚ ਰਹਿੰਦੀ ਹੈ ਕਦੇ ਕੇਂਦਰੀ ਜੇਲ੍ਹ ਵਿੱਚੋਂ ਨਸ਼ਾ ਕਦੇ ਮੋਬਾਇਲ ਅਤੇ ਕਦੇ ਲੜਾਈ-ਝਗੜੇ ਦੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ।
ਗੈਂਗਸਟਰਾਂ ਨੇ ਕੀਤੀ ਸੀ ਜੇਲ੍ਹ ਵਾਰਡਨ ਦੀ ਕੁੱਟਮਾਰ: ਦੱਸ ਦਈਏ ਇਸ ਤੋਂ ਪਹਿਲਾਂ ਵੀ ਬਠਿੰਡਾ ਦੀ ਜੇਲ੍ਹ ਅੰਦਰ ਗੈਂਗਸਟਰਾਂ ਨੇ ਜੇਲ੍ਹ ਵਾਰਡਨ ਦੇ ਨਾਲ ਕੁੱਟਮਾਰ ਕੀਤੀ ਸੀ। ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜਵੀਰ ਸਿੰਘ ਅਤੇ ਗੁਰਦੀਪ ਸਿੰਘ ਵੱਲੋਂ ਬੰਦੀ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗੈਂਗਸਟਰਾਂ ਨੇ ਕੁੱਟਮਾਰ ਦੌਰਾਨ ਮੌਕੇ ’ਤੇ ਪਹੁੰਚੇ ਜੇਲ੍ਹ ਅਧਿਕਾਰੀਆਂ ਨੂੰ ਵੀ ਧਮਕੀਆਂ ਦਿੱਤੀਆਂ ਸਨ। ਇਸ ਤੋਂ ਇਲਾਵਾ ਗੈਂਗਸਟਰਾਂ ਨੇ ਸਿਕਿਉਰਿਟੀ ਬਲਾਕ ਵਿੱਚੋਂ ਬਾਹਰ ਨਿਕਲਣ ਦੀ ਵੀ ਕੋਸ਼ਿਸ਼ ਕੀਤੀ ਸੀ। ਅਜਿਹੇ ਮਾਮਲਿਆਂ ਤੋਂ ਬਾਅਦ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਪੰਜਾਬ ਅੰਦਰ ਗੈਂਗਸਟਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਜੇਲ੍ਹ ਦੇ ਬਾਹਰ ਤਾਂ ਬੇਖੌਫ ਪਹਿਲਾਂ ਹੀ ਨੇ ਪਰ ਹੁਣ ਉਨ੍ਹਾਂ ਨੂੰ ਜੇਲ੍ਹ ਸੁਧਾਰ ਘਰਾਂ ਦਾ ਵੀ ਕੋਈ ਡਰ ਨਹੀਂ ਰਿਹਾ।