ਬਠਿੰਡਾ: ਬਠਿੰਡਾ ਵਿੱਚ ਪੁਲਿਸ ਦੇ ਨਾਂ ਉੱਤੇ ਲੱਖਾਂ ਰੁਪਏ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਸਪੈਸ਼ਲ ਸਟਾਫ ਬਠਿੰਡਾ ਵੱਲੋਂ ਥਾਣਾ ਦਿਆਲਪੁਰਾ ਵਿਖੇ 2 ਨੌਜਵਾਨਾਂ ਖ਼ਿਲਾਫ਼ ਨਸ਼ੀਲੀਆਂ ਦਵਾਈਆਂ ਰੱਖਣ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਇਸ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇੱਕ ਕਾਲ ਰਿਕਡਿੰਗ ਸੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਵਾਇਰਲ ਹੋਈ ਅਤੇ ਇਹ ਗੱਲ ਸਾਹਮਣੇ ਆਈ ਕਿ ਗ੍ਰਿਫਤਾਕ ਕੀਤੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁਲਿਸ ਦੇ ਨਾਂ ਉਪਰ ਲੱਖਾਂ ਰੁਪਏ ਰਿਸ਼ਵਤ ਵਜੋਂ ਲਏ ਗਏ ਹਨ।
ਰਿਕਾਰਡਿੰਗ ਵਿੱਚ 5 ਲੱਖ ਰੁਪਏ ਦੇਣ ਦੀ ਗੱਲ: ਜਾਣਕਾਰੀ ਮੁਤਾਬਿਕ ਰਿਕਾਰਡਿੰਗ ਵਿੱਚ ਸਾਫ ਹੈ ਕਿ ਕੋਈ ਵਿਅਕਤੀ 5 ਲੱਖ ਰੁਪਏ ਦੇ ਲੈਣ ਦੇਣ ਦੀ ਗੱਲ ਕਰ ਰਿਹਾ ਹੈ। ਮਾਮਲਾ ਉਜਾਗਰ ਹੋਣ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਸੀ ਅਤੇ ਉਨ੍ਹਾਂ ਲੋਕਾਂ ਦੇ ਨਾਂ ਜਨਤਕ ਕੀਤੇ ਗਏ ਜਿਨ੍ਹਾਂ ਵੱਲੋਂ ਪੁਲਿਸ ਦੇ ਨਾਂ ਉਪਰ ਲੱਖਾਂ ਰੁਪਏ ਵਸੂਲ ਕੀਤੇ ਗਏ ਸਨ। ਪੁਲਿਸ ਵੱਲੋਂ ਤੁਰੰਤ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: Vigilance Raid On OP Soni's Hotel : ਅੱਜ ਦੂਜੇ ਦਿਨ ਵੀ ਵਿਜੀਲੈਂਸ ਟੀਮ ਨੇ ਓਪੀ ਸੋਨੀ ਦੇ ਹੋਟਲ 'ਚ ਕੀਤੀ ਰੇਡ
ਪੁਲਿਸ ਅਧਿਕਾਰੀ ਨੇ ਕੀਤਾ ਮਾਮਲਾ ਦਰਜ: ਜਾਣਕਾਰੀ ਦਿੰਦੇ ਹੋਏ ਐਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਕੋਲ ਪਾਲ ਕੌਰ ਵਾਸੀ ਕੋਠਾ ਗੁਰਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਨੌਜਵਾਨ ਬੱਚਿਆਂ ਨੂੰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿਚ ਜਸਵੀਰ ਸਿੰਘ ਫੌਜੀ ਵੱਲੋਂ 5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ 2 ਲੱਖ ਰੁਪਏ ਮੌਕੇ ਉੱਤੇ ਹੀ ਵਸੂਲ ਕਰ ਲਏ ਸਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਾਇਆ ਜਾ ਸਕੇ। ਪਰ ਪੁਲੀਸ ਵੱਲੋਂ ਦੋਵੇਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਮੌਕੇ ਤੇ ਇਹਨਾਂ ਵੱਲੋਂ 2 ਲੱਖ ਰੁਪਏ ਲੈ ਲਏ ਗਏ ਸਨ।