ਬਠਿੰਡਾ: ਨਗਰ ਨਿਗਮ ਦੀਆਂ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਚੋਣਾਂ ਨੂੰ ਸ਼ਾਂਤੀਮਈ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉੱਥੇ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਸ਼ਹਿਰ ਦੇ 50 ਵਾਰਡਾਂ ਵਾਸਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਰ ਭਾਜਪਾ ਨੇ ਅਜੇ ਉਮੀਦਵਾਰਾਂ ਦਾ ਐਲਾਨ ਅਧਿਕਾਰਿਕ ਤੌਰ 'ਤੇ ਨਹੀਂ ਕੀਤਾ ਹੈ।
ਇਸ ਵਾਰ ਨੌਜਵਾਨ ਕੈਂਡੀਡੇਟ ਵੀ ਆਪਣੀ ਕਿਸਮਤ ਅਜਮਾਉਣ ਵਾਸਤੇ ਚੋਣ ਮੈਦਾਨ ਵਿੱਚ ਉਤਰੇ ਹਨ। ਸ਼ਹਿਰ ਦੇ ਵਾਰਡ ਨੰਬਰ 10 ਵਿੱਚ ਅਕਾਲੀ ਦਲ ਨੇ ਆਨੰਦ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ। ਆਨੰਦ ਗੁਪਤਾ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਕਰੀਬ ਇੱਕ ਹਫ਼ਤੇ ਤੋਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਘਰ-ਘਰ ਜਾ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਐਮਸੀ ਬਣ ਗਏ ਤਾਂ ਸਾਰਾ 10 ਨੰਬਰ ਵਾਰਡ ਐਮਸੀ ਬਣ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਜੇ ਉਹ ਐਮਸੀ ਬਣ ਗਏ ਤਾਂ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਨਗੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਵਰਕਰ ਹੋਵੇ। ਉਹ ਆਪਣੇ ਵਾਰਡ ਵਾਸੀਆਂ ਵਾਸਤੇ 24 ਘੰਟੇ ਹਾਜ਼ਰ ਰਹਿਣਗੇ। ਜ਼ਿਕਰਯੋਗ ਹੈ ਕਿ ਆਨੰਦ ਗੁਪਤਾ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਰਾਜੂ ਸਰਾਂ ਦੇ ਨਾਲ ਹੈ ਜੋ ਕਿ ਪਹਿਲਾਂ ਵੀ ਐਮਸੀ ਰਿਹ ਚੁੱਕਿਆ ਹੈ। ਆਨੰਦ ਅਤੇ ਉਸ ਦੇ ਪਰਿਵਾਰ ਨੂੰ ਭਰੋਸਾ ਹੈ ਕਿ ਉਹ ਜ਼ਰੂਰ ਜਿੱਤਣਗੇ, ਕਿਉਂਕਿ ਵਿਕਾਸ ਦੇ ਆਧਾਰ 'ਤੇ ਉਹ ਵੋਟ ਮੰਗ ਰਹੇ ਹਨ।