ਬਠਿੰਡਾ: ਹਰਸਿਮਰਤ ਕੌਰ ਬਾਦਲ ਦਾ ਮੰਤਰੀ ਮੰਡਲ ਅਹੁਦੇ ਤੋਂ ਅਸਤੀਫ਼ਾ ਦਿੱਤਾ ਜਾਣਾ ਇਕ ਭਖਦਾ ਮੁੱਦਾ ਬਣ ਚੁੱਕਿਆ ਹੈ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਵੀ ਕਈ ਸਵਾਲ ਸਾਹਮਣੇ ਆ ਰਹੇ ਹਨ ਇਸ ਸਬੰਧੀ ਬਠਿੰਡਾ ਤੋਂ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਬਿੰਟਾ ਨੇ ਕਿਹਾ ਕਿ ਖੇਤੀ ਆਰਡੀਨੈਂਸ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦਿੱਤਾ ਜਾਣਾ ਇਕ ਜਲਦਬਾਜ਼ੀ ਦਾ ਫ਼ੈਸਲਾ ਹੈ। ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਰੋਸ ਤੋਂ ਘਬਰਾਹਟ ਵਿੱਚ ਆ ਕੇ ਅਸਤੀਫ਼ਾ ਦਿੱਤਾ ਹੈ।
ਬੀਜੇਪੀ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਕਿਸਾਨਾਂ ਨੂੰ ਖੇਤੀ ਆਰਡੀਨੈਂਸ ਸਮਝਾਉਣ ਦੇ ਵਿੱਚ ਨਾਕਾਮ ਰਹੇ ਹਨ। ਇਹ ਖੇਤੀ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹੈ ਸਗੋਂ ਦੂਜੀਆਂ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਜਦੋਂ ਕਿ ਐਮਐਸਪੀ ਉਸੇ ਤਰੀਕੇ ਨਾਲ ਜਾਰੀ ਰਹੇਗੀ, ਮੰਡੀਕਰਣ ਵੀ ਉਸੇ ਤਰ੍ਹਾਂ ਜਾਰੀ ਰਹੇਗਾ ਜਿਵੇਂ ਪਹਿਲਾਂ ਸੀ। ਪਰ ਪਤਾ ਨਹੀਂ ਕਿਉਂ ਹਰਸਿਮਰਤ ਕੌਰ ਬਾਦਲ ਇਨ੍ਹਾਂ ਕਿਸਾਨਾਂ ਨੂੰ ਸਮਝਾਉਣ ਵਿੱਚ ਨਾਕਾਮ ਰਹੇ ਅਤੇ ਆਪਣੇ ਕੇਂਦਰੀ ਵਜ਼ਾਰਤ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਵਿਨੋਦ ਕੁਮਾਰ ਬਿੰਟਾ ਨੇ ਇੱਕ ਸੰਕੇਤਕ ਸੂਚਨਾ ਦਿੰਦਿਆਂ ਕਿਹਾ ਕਿ ਆਉਣ ਵਾਲੀ ਆਗਾਮੀ ਚੋਣਾਂ ਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਪਾਰਟੀ ਪਹਿਲਾਂ ਗਠਜੋੜ ਨਾਲ ਚੋਣਾਂ ਲੜਦੀਆਂ ਸੀ ਪਰ ਹੁਣ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਚੋਣ ਨਿਸ਼ਾਨ ਤੋਂ ਅਕਾਲੀ ਦਲ ਨਾਲੋਂ ਵੱਖ ਹੋ ਕੇ ਚੋਣ ਲੜੇਗੀ। ਪਰ ਅਜੇ ਤੱਕ ਇਸ ਦਾ ਫੈਸਲਾ ਆਉਣਾ ਬਾਕੀ ਹੈ ਜੋ ਪਾਰਟੀ ਦੀ ਹਾਈਕਮਾਨ ਦਾ ਫੈਸਲਾ ਹੋਵੇਗਾ ਉਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਆਗਾਮੀ ਚੋਣਾਂ ਵਿੱਚ ਚੋਣ ਲੜੇਗੀ।