ਬਠਿੰਡਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਕੀਤੀ ਗਈ ਹੈ। ਜਿਸ ਤੋਂ ਬਾਅਦ ਇਸ ਨੂੰ ਲੈ ਕੇ ਕਈ ਪੰਥਕ ਸ਼ਖਸੀਅਤਾਂ ਸਵਾਲ ਖੜੇ ਕਰ ਰਹੀਆਂ ਹਨ। ਦਲ ਖਾਲਸਾ ਦੇ ਆਗੂ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਅੱਜ ਬਠਿੰਡਾ ਮੀਰੀ ਪੀਰੀ ਦਿਵਸ ਮੌਕੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਨੂੰ ਲੈ ਕੇ ਗੱਲਬਾਤ ਕੀਤੀ। ਜਿਥੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ।
ਸੇਵਾ ਸੰਭਾਲ ਦਾ ਨਜ਼ਾਮ ਗੈਰ-ਪੰਥਕ ਲੀਹਾਂ ਉੱਤੇ: ਸਰਕਟ ਹਾਊਸ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਵਿਚ ਸਾਂਝੇ ਫੈਸਲਿਆਂ ਅਤੇ ਸਾਂਝੀ ਅਗਵਾਈ ਦੀ ਪਰੰਪਰਾ ਰਹੀ ਹੈ ਪਰ ਬੀਤੀ ਸਦੀ ਦੌਰਾਨ ਪੱਛਮੀ ਤਰਜ਼ ਦੇ ਜਥੇਬੰਦਕ ਢਾਂਚਿਆਂ ਤੇ ਅਮਲਾਂ ਕਾਰਨ ਇਹ ਪਰੰਪਰਾ ਵਿਚ ਖੜੋਤ ਆਈ ਹੈ। ਜਿਸ ਕਾਰਨ ਖਾਲਸਾ ਪੰਥ ਦੀ ਕੇਂਦਰੀ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਨਜ਼ਾਮ ਗੈਰ-ਪੰਥਕ ਲੀਹਾਂ ਉੱਤੇ ਚਲਿਆ ਗਿਆ ਹੈ। ਇਸ ਵਿਚ ਪੰਚ ਪ੍ਰਧਾਨੀ ਸਾਂਝੀ ਅਗਵਾਈ ਅਤੇ ਗੁਰਮਤੇ ਦੀ ਪ੍ਰਧਾਨਤਾ ਨਹੀਂ ਰਹੀ। ਇਹੀ ਕਾਰਨ ਹੈ ਕਿ ਵੋਟਾਂ ਦੇ ਮੁਫਾਦਾਂ ਵਾਲੀਆਂ ਧਿਰਾਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਆਪਣੀ ਮਨਮਰਜੀ ਨਾਲ ਲਗਾ ਅਤੇ ਲਾਹ ਦਿੰਦੇ ਹਨ। ਇਸ ਦਾ ਪ੍ਰਤੱਖ ਪ੍ਰਮਾਣ ਅੱਜ ਦਾ ਘਟਨਾਕ੍ਰਮ ਹੈ ਜਿਸ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ ਹੈ।
ਵਿਚਾਰ ਗੋਸ਼ਟੀਆਂ : ਉਹਨਾ ਕਿਹਾ ਕਿ ਇਸੇ ਖੜੋਤ ਨੂੰ ਦੂਰ ਕਰਨ ਦੀ ਕੋਸ਼ਿਸ਼ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਵੱਖ-ਵੱਖ ਸਿੱਖ ਤੇ ਪੰਥਕ ਹਿੱਸਿਆਂ ਵਿਚ ਸਾਂਝੀ ਰਾਏ ਬਣਾਉਣ ਦੇ ਯਤਨ ਕੀਤੇ ਜਾ ਰਹੇ ਹੈ। ਇਹਨਾ ਯਤਨਾਂ ਅਧੀਨ ਜਿੱਥੇ ਬੀਤੇ ਵਰ੍ਹੇ ਤੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਸਿੱਖ ਸੰਪਰਦਾਵਾਂ, ਪੰਥਕ ਜਥਿਆਂ, ਸੰਸਥਾਵਾਂ, ਵਿਚਾਰਵਾਨਾਂ, ਸਖਸ਼ੀਅਤਾਂ ਆਦਿ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ ਗਈਆਂ ਹਨ।
28 ਜੂਨ ਨੂੰ ਮੀਰੀ ਪੀਰੀ ਦਿਵਸ: ਉਥੇ ਹੁਣ ਇਹਨਾ ਗੋਸ਼ਟੀਆਂ ਰਾਹੀਂ ਬਣੀ ਸਮਝ ਤੇ ਰਾਏ ਅਨੁਸਾਰ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਕੀਤੀ ਜਾ ਰਹੀ ਹੈ। ਇਹ ਇਕੱਤਰਤਾ ਇੱਕ ਨੁਮਾਇੰਦਾ ਇਕੱਠ ਹੋਵੇਗਾ ਜਿਸ ਵਿਚ ਸੰਸਾਰ ਭਰ ਵਿਚ ਖਾਲਸਾ ਪੰਥ ਅਤੇ ਗੁਰ-ਸੰਗਤਿ ਦੀ ਸੇਵਾ ਵਿਚ ਵਿਚਰ ਰਹੇ ਕਾਰਜਸ਼ੀਲ ਜਥਿਆਂ ਦੇ ਨੁਮਾਇੰਦੇ ਹਿੱਸਾ ਲੈਣਗੇ। ਪੰਥ ਸੇਵਕ ਸਖਸ਼ੀਅਤਾਂ ਨੇ ਆਸ ਪ੍ਰਗਟਾਈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਨੁਮਾਇੰਦਾ ਇਕੱਤਰਤਾ ਗੁਰਮਤਿ ਆਸ਼ੇ ਤੇ ਪੰਥਕ ਪਰੰਪਰਾ ਅਨੁਸਾਰ ਮਿੱਥੇ ਮਨੋਰਥ ਸਰ ਕਰਨ ਵਿਚ ਕਾਮਯਾਬ ਹੋਵੇਗੀ।