ਬਠਿੰਡਾ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਚਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਆਕਲੈਂਡ ਅਤੇ ਕਬੱਡੀ ਫੈਡਰੇਸ਼ਨ ਆਫ ਨਿਉਜ਼ੀਲੈਂਡ ਵੱਲੋਂ ਮਦਰ ਇੰਡੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਜ਼ੁਰਗ ਔਰਤ ਨੂੰ ਉਕਤ ਸੰਸਥਾਵਾਂ ਨੇ ਸੋਨੇ ਦਾ ਮੈਡਲ ਦਿੱਤਾ। ਬੇਬੇ ਮਹਿੰਦਰ ਕੌਰ ਨੂੰ ਸਨਮਾਨ ਦੇਣ ਲਈ ਆਲਮੀ ਕਬੱਡੀ ਖਿਡਾਰੀ ਖੁਸ਼ੀ ਦੁੱਗਾਂ, ਜਗਦੀਪ ਸਿੰਘ, ਦੀਪਾ ਸਰਪੰਚ ਬਾਜਵਾ ਕਲਾਂ ਤੇ ਹੋਰ ਲੋਕ ਉਚੇਚੇ ਤੌਰ ਉੱਤੇ ਪਿੰਡ ਬਹਾਦਰਗੜ੍ਹ ਪਹੁੰਚੇ।
ਬੇਬੇ ਮਹਿੰਦਰ ਕੌਰ ਪੂਰੀ ਦੁਨੀਆ ਦੀਆਂ ਔਰਤਾਂ ਲਈ ਬਣੀ ਮਿਸਾਲ
ਖੁਸ਼ੀ ਦੁੱਗਾਂ ਨੇ ਕਿਹਾ ਕਿ ਬੇਬੇ ਮਹਿੰਦਰ ਕੌਰ ਨੇ ਪੰਜਾਬੀਆਂ ਦਾ ਨਾਂਅ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਮਹਿੰਦਰ ਕੌਰ ਪੂਰੀ ਦੁਨੀਆ ਦੀ ਔਰਤਾਂ ਲਈ ਮਿਸਾਲ ਬਣੀ ਹੈ। ਇਸ ਲਈ ਹੀ ਸੁਪਰੀਮ ਸਿੱਖ ਸੁਸਾਇਟੀ ਆਫ ਆਕਲੈਂਡ ਅਤੇ ਕਬੱਡੀ ਫੈਡਰੇਸ਼ਨ ਆਫ ਨਿਉਜ਼ੀਲੈਂਡ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ।
ਬੇਬੇ ਨੇ ਕੀਤਾ ਦਲਜੀਤ ਦਾ ਧੰਨਵਾਦ
ਬੇਬੇ ਮਹਿੰਦਰ ਕੌਰ ਨੇ ਸੁਪਰੀਮ ਸਿੱਖ ਸੁਸਾਇਟੀ ਆਫ ਆਕਲੈਂਡ ਅਤੇ ਕਬੱਡੀ ਫੈਡਰੇਸ਼ਨ ਆਫ ਨਿਉਜ਼ੀਲੈਂਡ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਕੰਗਨਾ ਨੂੰ ਇਸ ਤਰ੍ਹਾਂ ਬੋਲਣਾ ਨਹੀਂ ਚਾਹੀਦਾ ਸੀ। ਉਸ ਨੇ ਇਹ ਬੋਲ ਕੇ ਬਹੁਤ ਗ਼ਲਤ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਗਾਇਕ ਦਲਜੀਤ ਦੁਸਾਂਝ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਸ ਨੇ ਉਨ੍ਹਾਂ ਦਾ ਪੱਖ ਲੈਦਿਆ ਟਵਿੱਟਰ ਉੱਤੇ ਕੰਗਨਾ ਨੂੰ ਕਾਫੀ ਖ਼ਰੀ-ਖੋਟੀ ਸੁਣਾਈ ਹੈ। ਉਨ੍ਹਾਂ ਕਿਹਾ ਕਿ ਉਹ ਮਾਈ ਭਾਗੋ ਦੀਆਂ ਵਾਰਿਸ ਹਨ ਹੁਣ ਪੰਜਾਬ ਦੀਆਂ ਕੁੜੀਆਂ ਕਿਸੇ ਖੇਤਰ ਵਿੱਚ ਪਿੱਛੇ ਨਹੀਂ ਹਨ।
ਜ਼ਿਕਰਯੋਗ ਹੈ ਕਿ ਬੇਬੇ ਮਹਿੰਦਰ ਕੌਰ ਉਹ ਹੀ ਬਜ਼ੁਰਗ ਹਨ ਜਿਨ੍ਹਾਂ ਦੀ ਤਸਵੀਰ ਨੂੰ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਉੱਤੇ ਪਾ ਕੇ ਇਤਰਾਜਯੋਗ ਟਿੱਪਣੀ ਕੀਤੀ ਸੀ। ਕੰਗਨਾ ਰਣੌਤ ਨੇ ਆਪਣੇ ਟਵਿੱਟਰ ਤੋਂ ਮਹਿੰਦਰ ਕੌਰ ਸਮੇਤ ਇੱਕ ਹੋਰ ਔਰਤ ਦੀ ਤਸਵੀਰ ਟਵਿੱਟਰ ਉੱਤੇ ਅਪਲੋਡ ਕਰਕੇ ਲਿਖਿਆ ਸੀ ਕਿ ਪਹਿਲਾਂ ਸ਼ਾਹੀਨ ਬਾਗ ਤੇ ਹੁਣ ਕਿਸਾਨ ਅੰਦੋਲਨ ਵਿੱਚ ਔਰਤਾਂ ਨੂੰ ਸੌ-ਸੌ ਰੁਪਏ ਉੱਤੇ ਲਿਆਦਾ ਗਿਆ ਹੈ। ਕੰਗਨਾ ਰਣੌਤ ਦੇ ਉਕਤ ਟਵੀਟ ਦਾ ਦੁਨੀਆ ਭਰ ਦੇ ਪੰਜਾਬੀਆਂ ਨੇ ਸਖ਼ਤ ਵਿਰੋਧ ਕੀਤਾ ਸੀ।