ਬਠਿੰਡਾ: ਪਿਛਲੇ ਦਿਨੀਂ ਬਠਿੰਡਾ ਦੇ ਕਾਰੋਬਾਰੀ ਅਤੇ ਸੰਘ ਪ੍ਰਚਾਰਕ ਭਰਤ ਜਿੰਦਲ ਨੂੰ ਵਿਦੇਸ਼ੀ ਨੰਬਰ ਤੋਂ ਆਈ ਕਾਲ ਉੱਤੇ ਅਪਸ਼ਬਦ ਬੋਲੇ ਗਏ ਹਨ।ਇਸ ਮਾਮਲੇ ਵਿੱਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਗਰਵਾਲ ਭਾਈਚਾਰੇ ਦੇ ਲੋਕਾਂ ਵੱਲੋਂ ਐਸਐਸਪੀ ਦਫ਼ਤਰ ਪਹੁੰਚ ਕੇ ਮੁਲਜ਼ਮ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸੰਘ ਪ੍ਰਚਾਰਕ ਭਰਤ ਜਿੰਦਲ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੰਘ ਲਈ ਪ੍ਰਚਾਰ ਕਰ ਰਹੇ ਹਨ ਅਤੇ ਕਰੀਬ ਇੱਕ ਹਫਤਾ ਪਹਿਲਾਂ ਉਨ੍ਹਾਂ ਨੂੰ ਵਦੇਸ਼ੀ ਨੰਬਰ ਤੋਂ ਕਾਲ ਕਰਕੇ ਮਾੜੀ ਭਾਸ਼ਾ ਵਿੱਚ ਗਾਲੀ ਗਲੋਚ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਬਕਾਇਦਾ ਇਕ ਵੀਡੀਓ ਰਿਕਾਰਡਿੰਗ ਦੇ ਨਾਲ-ਨਾਲ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦਿੱਤੀ ਗਈ ਸੀ।
ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ: ਉਨ੍ਹਾਂ ਇਲਜ਼ਾਮ ਲਾਇਆ ਗਿਆ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਕ ਦੋ ਵਾਰ ਥਾਣਾ ਕੋਤਵਾਲੀ ਵਿਖੇ ਬੁਲਾ ਕੇ ਖਾਨਾਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਬੰਧੀ ਵੱਡੀ ਗਿਣਤੀ ਵਿੱਚ ਉਹ ਅਗਰਵਾਲ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਐੱਸਐੱਸਪੀ ਨੂੰ ਮੁੜ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਮੈਮੋਰੰਡਮ ਦੇਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਬਣਦੀ ਕਾਰਵਾਈ ਨਾ ਕੀਤੀ ਗਈ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੋਈ ਪ੍ਰਬੰਧ ਨਾ ਕੀਤੇ ਗਏ ਤਾਂ ਆਉਂਦੇ ਦਿਨਾਂ ਵਿਚ ਉਹ ਹੋਰ ਤਿੱਖਾ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ: CM Bhagwant Mann ਦੀ ਸਥਾਨਕ ਸਨਅਤਕਾਰਾਂ ਨੂੰ ਅਪੀਲ, ਦੁਨੀਆ ਭਰ ਵਿੱਚ ਸਨਅਤੀ ਹੱਬ ਵਜੋਂ ਉੱਭਰ ਰਹੇ ਪੰਜਾਬ ਦੇ ਬਰਾਂਡ ਅੰਬੈਸਡਰ
ਸਰਕਾਰ ਦੇ ਕਾਨੂੰਨ ਪ੍ਰਬੰਧ ਉੱਤੇ ਚੁੱਕੇ ਸਵਾਲ: ਭਾਜਪਾ ਦੇ ਖੇਮੇ ਵਿੱਚ ਬਠਿੰਡਾ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਏ ਨੰਬਰਦਾਰ ਦਾ ਕਹਿਣਾ ਹੈ ਕਿ ਆਏ ਦਿਨ ਵਪਾਰੀਆਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਪਰ ਸਰਕਾਰ ਪਤਾ ਨਹੀਂ ਕਿਉਂ ਇਹਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਨਾ ਹੀ ਸਰਕਾਰ ਵਲੋਂ ਪ੍ਰਸ਼ਾਸਨ ਨੂੰ ਇਸ ਸਬੰਧੀ ਕੋਈ ਕਾਰਵਾਈ ਕਰਨ ਲਈ ਹਦਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਪ੍ਰਬੰਧ ਦੇ ਮਾੜੇ ਹਾਲਾਤ ਹਨ । ਸਰਕਾਰ ਨੂੰ ਚਾਹੀਦਾ ਹੈ ਕਿ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਕਾਰੋਬਾਰ ਕਰ ਸਕਣ।