ਬਠਿੰਡਾ: ਬਠਿੰਡਾ ਦੀ ਧੀ ਡਾ. ਨਵਜੋਤ ਕੌਰ ਖੋਸਾ ਨੇ ਕੇਰਲਾ ’ਚ ਜ਼ਿਲ੍ਹਾ ਕਲੈਕਟਰ ਬਣ ਕੇ ਮਾਪਿਆਂ ਅਤੇ ਸ਼ਹਿਰ ਦਾ ਨਾਂਅ ਉੱਚਾ ਕੀਤਾ ਹੈ। ਨਵਜੋਤ ਦੇ ਜ਼ਿਲ੍ਹਾ ਕਲੈਕਟਰ ਬਣਨ 'ਤੇ ਪਰਿਵਾਰ ਅਤੇ ਸ਼ਹਿਰ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਖ਼ੁਸ਼ੀ ਜ਼ਾਹਿਰ ਕਦਿਆਂ ਸ਼ਹਿਰ ਦੇ ਜੁਝਾਰ ਨਗਰ ਨਿਵਾਸੀ ਨਵਜੋਤ ਦੇ ਪਿਤਾ ਜਗਤਾਰ ਸਿੰਘ ਖੋਸਾ ਨੇ ਕਿਹਾ ਕਿ ਆਪਣੀ ਧੀ ਦੀ ਇਸ ਪ੍ਰਾਪਤੀ 'ਤੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਮਾਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ ਧੀ ਨੇ ਵਿਆਹ ਤੋਂ ਬਅਦ ਇਹ ਪ੍ਰਾਪਤੀ ਹਾਸਲ ਕੀਤੀ ਹੈ।
ਜਗਤਾਰ ਸਿੰਘ ਖੋਸਾ ਦਾ ਕਹਿਣਾ ਹੈ ਕਿ ਨਵਜੋਤ ਜਦੋਂ ਸਕੂਲ ’ਚ ਪੜ੍ਹਦੀ ਸੀ ਤਾਂ ਉਸ ’ਚ ਅਗਵਾਈ ਕਰਨ ਵਾਲੇ ਗੁਣ ਸਨ। ਡਾ. ਨਵਜੋਤ ਕੌਰ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪਹਿਲਾਂ ਬੀਡੀਐਸ ਦੀ ਸਿਖਲਾਈ ਲਈ ਅਤੇ ਬਾਅਦ ’ਚ ਆਈਏਐੱਸ ਦੀ ਤਿਆਰੀ ਕੀਤੀ। ਨਵਜੋਤ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਵੀ ਰਹੀ।
ਦੱਯਣਯੋਗ ਹੈ ਕਿ ਸਾਲ 2012 ਬੈਚ ਨਾਲ ਸਬੰਧ ਰੱਖਦੀ ਆਈਏਐਸ ਅਧਿਕਾਰੀ ਡਾ. ਨਵਜੋਤ ਕੌਰ ਖੋਸਾ ਨੂੰ ਪਹਿਲਾਂ ਥਾਲਾਸਾਰੀ ’ਚ ਸਬ ਕੁਲੈਕਟਰ ਨਿਯੁਕਤ ਕੀਤਾ ਗਿਆ ਸੀ। ਉਸ ਮਗਰੋਂ ਉਨ੍ਹਾਂ ਨੂੰ ਐਸਡੀਐਮ ਬਣਾਇਆ ਗਿਆ ਜਦੋਂਕਿ ਬਾਅਦ ’ਚ ਕਮਿਸ਼ਨਰ ਅਤੇ ਫਿਰ ਕੇਰਲਾ ਮੈਡੀਕਲ ਸਰਵਿਸਿਜ਼ ਵਿੱਚ ਐੱਮਡੀ ਵਜੋਂ ਤਾਇਨਾਤ ਕੀਤਾ ਗਿਆ। ਹੁਣ ਡਾ. ਖੋਸਾ ਨੂੰ ਤਿਰੂਵਨੰਤਪੁਰਮ ਦੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ।