ਬਠਿੰਡਾ: ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸਥਿਤ ਥਾਣਾ ਕੈਂਟ ਦੇ ਬਾਹਰੋਂ ਹੋਮ ਗਾਰਡ ਦੇ ਕਰਮਚਾਰੀ ਤੋਂ ਐਸ ਐਲ ਆਰ ਖੋਹਣ ਦੇ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਇਸ ਘਟਨਾ ਕ੍ਰਮ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 11 ਅਗਸਤ ਨੂੰ ਸਵੇਰੇ ਤਿੰਨ ਵਜੇ ਦੇ ਕਰੀਬ ਪੁਲਿਸ ਕੰਟਰੋਲ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਕੁਝ ਨੌਜਵਾਨ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਅਸਲਾ ਵੀ ਹੈ।
ਐਸਐਲਆਰ ਖੋਹ ਕੇ ਹੋਏ ਫ਼ਰਾਰ: ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਅੱਗੇ ਦੱਸਿਆ ਕਿ ਸੂਚਨਾ ਮਿਲਣ ਉੱਤੇ ਥਾਣਾ ਕੈਂਟ ਵੱਲੋਂ ਹਾਈਵੇ ਉੱਪਰ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਕਾਲੇ ਰੰਗ ਦੀ ਗੱਡੀ ਵਿੱਚ ਸਵਾਰ ਪੰਜ ਨੌਜਵਾਨਾਂ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਉਨ੍ਹਾਂ ਵੱਲੋਂ ਗੱਡੀ ਰੋਕਣ ਦੀ ਬਜਾਏ, ਉਥੋਂ ਭਜਾ ਲਈ। ਇਸ ਘਟਨਾ ਕ੍ਰਮ ਦੌਰਾਨ ਇੱਕ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਐਸਐਲਆਰ ਰਾਈਫਲ ਖੋਹ ਲਈ, ਪਰ ਕਾਰ ਸਵਾਰ ਨੌਜਵਾਨਾਂ ਵਲੋਂ ਇਹ ਐਸਐਲਆਰ ਰਾਇਫਲ ਰਾਸਤੇ ਵਿੱਚ ਸੁੱਟ ਦਿੱਤੀ ਗਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਮਾਮਲੇ ਵਿੱਚ 6 ਗ੍ਰਿਫਤਾਰ, ਇਕ ਹੋਰ ਮੁਲਜ਼ਮ ਦੀ ਭਾਲ ਜਾਰੀ : ਐਸਐਸਪੀ ਖੁਰਾਣਾ ਨੇ ਦੱਸਿਆ ਕਿ ਪੁਲਿਸ ਵੱਲੋਂ ਜਦੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫਤਾਰ ਨੌਜਵਾਨਾਂ ਕੋਲੋਂ 32 ਪਿਸਤੋਲਾਂ ਬਰਾਮਦ ਕੀਤੀਆਂ ਗਈਆਂ ਹਨ। ਪੁੱਛਗਿੱਛ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਹੋਮ ਗਾਰਡ ਦੇ ਜਵਾਨ ਤੋਂ ਖੋਹੀ ਗਈ ਰਾਇਫਲ ਉਨ੍ਹਾਂ ਵੱਲੋਂ ਰਾਸਤੇ ਵਿੱਚ ਹੀ ਸੁੱਟ ਦਿੱਤੀ ਗਈ ਸੀ। ਪੁਲਿਸ ਵੱਲੋਂ ਇਸ ਸਬੰਧੀ ਵੱਖਰੀ ਜਾਂਚ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਕਿ ਅਮਰ ਸਿੰਘ ਉਰਫ ਝੰਡੀ ਵੱਲੋਂ ਖੋਹੀ ਰਾਇਫਲ ਜੋ ਉਸ ਨੂੰ ਸੜਕ ਤੋਂ ਮਿਲੀ ਸੀ, ਨੂੰ ਅੱਗੇ ਵੇਚਣ ਲਈ ਵਿਉਂਤਬੰਦੀ ਕੀਤੀ ਗਈ ਹੈ। ਪੁਲਿਸ ਨੇ ਅਮਰ ਸਿੰਘ ਉਰਫ ਝੰਡੇ ਨੂੰ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਉੱਤੇ ਐਸਐਲਆਰ ਰਾਈਫਲ ਬਰਾਮਦ ਕਰ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਹੋਰ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਝੰਡੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।