ਬਠਿੰਡਾ: ਮਾਲਵਾ ਖੇਤਰ ਨੂੰ ਆਮ ਤੌਰ 'ਤੇ ਨਰਮਾ ਬੈਲਟ ਵਜੋਂ ਜਾਣਿਆ ਜਾਂਦਾ ਹੈ ਪਰ ਕਿਸਾਨਾਂ ਨੂੰ ਨਰਮੇ ਦਾ ਚੰਗਾ ਭਾਅ ਨਾ ਮਿਲਣ ਕਰਕੇ ਇਸ ਦੀ ਥਾਂ 'ਤੇ ਝੋਨੇ ਦੀ ਬਿਜਾਈ ਵੱਲ ਜ਼ਿਆਦਾ ਰੁਝਾਨ ਵਧ ਰਿਹਾ ਹੈ।
ਝੋਨੇ ਦੀ ਜ਼ਿਆਦਾ ਬਿਜਾਈ ਹੋਣ ਨਾਲ ਧਰਤੀ ਹੇਠ ਪਾਣੀ ਪੱਧਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਪਾਣੀ ਨੂੰ ਬਚਾਉਣ ਦੇ ਲਈ ਸਰਕਾਰਾਂ ਅਤੇ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਕਈ ਕੁੱਝ ਕਿਸਾਨ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਨਰਮੇ ਦੀ ਨਵੀਂ ਤਕਨੀਕ ਨਾਲ ਨਰਮੇ ਦੀ ਬਿਜਾਈ ਕਰ ਰਹੇ ਹਨ, ਜਿਸ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ ਅਤੇ ਚੰਗੇ ਝਾੜ ਦੇ ਨਾਲ-ਨਾਲ ਚੰਗਾ ਮੁਨਾਫਾ ਵੀ ਲੈ ਰਹੇ ਹਨ।
ਨਰਮੇ ਦੀ ਬਿਜਾਈ ਦੀ ਇਸ ਨਵੀਂ ਤਕਨੀਕ ਨੂੰ ਲੈ ਕੇ ਖੇਤੀਬਾੜੀ ਮੁੱਖ ਅਫ਼ਸਰ ਬਹਾਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਵਾਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਿਸਾਨ ਵੀਰਾਂ ਦੇ ਵੱਲੋਂ ਇੱਕ ਲੱਖ 72 ਹਜ਼ਾਰ 488 ਹੈਕਟੇਅਰ ਵਿੱਚ ਨਰਮੇ ਦੀ ਬਿਜਾਈ ਕੀਤੀ ਕੀਤੀ ਗਈ ਹੈ, ਇਸ ਨਵੀਂ ਤਕਨੀਕ ਦੇ ਨਾਲ-ਨਾਲ ਕਿਸਾਨਾਂ ਨੂੰ ਬਹੁਤ ਸਾਰੇ ਫਾਇਦੇ ਵੀ ਹਨ। ਇਸ ਤਕਨੀਕ ਦੇ ਰਾਹੀਂ ਕਿਸਾਨ ਆਪਣੀ ਨਰਮੇ ਦੀ ਫ਼ਸਲ ਨੂੰ ਬੈੱਡ (ਵੱਟਾਂ) ਬਣਾ ਕੇ ਸਹੀ ਦੂਰੀ 'ਤੇ ਬਿਜਾਈ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਵਿਚਾਲੇ ਖਾਲ ਬਣਾ ਕੇ ਫਸਲ ਨੂੰ ਪਾਣੀ ਦਿੱਤਾ ਜਾ ਸਕਦਾ ਹੈ, ਜਿਸ ਨਾਲ ਘੱਟ ਪਾਣੀ ਵਿੱਚ ਨਰਮੇ ਦੀ ਸਿੱਧੀ ਬਿਜਾਈ ਹੋ ਜਾਂਦੀ ਹੈ। ਜੇਕਰ ਮਾਨਸੂਨ ਦੇ ਦਿਨਾਂ ਵਿੱਚ ਬਰਸਾਤ ਜ਼ਿਆਦਾ ਵੀ ਹੋ ਜਾਂਦੀ ਹੈ ਤਾਂ ਵੱਟਾਂ ਦੇ ਆਲੇ ਦੁਆਲੇ ਖਾਲ ਹੋਣ ਕਰਕੇ ਪਾਣੀ ਵਹਿ ਜਾਂਦਾ ਹੈ, ਜਿਸ ਨਾਲ ਫ਼ਸਲ ਦੇ ਕਰੰਡ ਹੋਣ ਦਾ ਖਦਸ਼ਾ ਵੀ ਨਹੀਂ ਰਹਿੰਦਾ।
ਉਨ੍ਹਾਂ ਦੱਸਿਆ ਕਿ ਇਸ ਨਾਲ ਫ਼ਸਲ ਦੇ ਵਿੱਚ ਨਦੀਨ ਵੀ ਪੈਦਾ ਨਹੀਂ ਹੁੰਦੇ, ਜਿਹੜੇ ਨਦੀਨ ਪੈਦਾ ਹੁੰਦੇ ਹਨ, ਉਹ ਖਾਲ ਦੇ ਵਿੱਚ ਹੀ ਪੈਦਾ ਹੁੰਦੇ ਹਨ, ਜਿਨ੍ਹਾਂ ਨੂੰ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ। ਜਦੋਂ ਨਰਮਾ ਡੇਢ ਦੋ ਫੁੱਟ ਦਾ ਹੋ ਜਾਂਦਾ ਹੈ ਤਾਂ ਖਾਲ ਨੂੰ ਵੱਟਾਂ ਦੇ ਨਾਲ ਮਿਲਾ ਦਿੱਤਾ ਜਾਂਦਾ ਹੈ ਅਤੇ ਫ਼ਸਲ ਦੀ ਮਜ਼ਬੂਤੀ ਜ਼ਿਆਦਾ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸਹੀ ਰੇਅ ਸਪਰੇਅ ਅਤੇ ਖਾਦਾਂ ਦੀ ਵਰਤੋਂ ਨਾਲ ਇਸ ਫਸਲ ਦੀ ਨਵੀਂ ਤਕਨੀਕ ਰਾਹੀਂ ਚੰਗਾ ਝਾੜ ਲਿਆ ਜਾ ਸਕਦਾ ਹੈ।
ਇਹ ਵੀ ਪੜੋ: ਲੁਧਿਆਣਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ ਤਮਾਮ ਕਿਸਾਨਾਂ ਨੂੰ ਨਵੀਂ ਤਕਨੀਕ ਰਾਹੀਂ ਖੇਤੀ ਕਰਨ ਦੇ ਲਈ ਰਾਬਤਾ ਕਾਇਮ ਰੱਖਣ ਦੇ ਲਈ ਵੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਦੇ ਮੁੱਖ ਕੀਤੇ ਖੇਤੀਬਾੜੀ ਨੂੰ ਉੱਦਮੀ ਕਿਸਾਨਾਂ ਦੇ ਸਹਿਯੋਗ ਨਾਲ ਹੋਰ ਉਭਾਰਿਆ ਜਾ ਸਕੇ।