ਬਠਿੰਡਾ : ਜੱਸੀ ਬਾਗਵਾਲੀ ਵਿਖੇ ਫ਼ਰੀਦਕੋਟ ਦੇ ਜੈਤੋ ਸੀਆਈਏ ਸਟਾਫ ਵੱਲੋਂ ਕੀਤੀ ਗਈ ਰੇਡ ਦੌਰਾਨ ਹੋਏ ਮੁਕਾਬਲੇ ਵਿੱਚ ਕਰੀਬ ਇੱਕ ਦਰਜਨ ਮਾਮਲਿਆਂ ਵਿਚ ਲੋੜੀਂਦਾ ਗੈਂਗਸਟਰ ਮਨਜਿੰਦਰ ਸਿੰਘ ਉਰਫ ਕਾਲਾ ਸੇਖੋਂ ਪੱਟ ਵਿੱਚ ਗੋਲੀ ਲੱਗਣ ਨਾਲ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।ਇਸ ਮੌਕੇ ਸਰਕਾਰੀ ਹਸਪਤਾਲ ਨੂੰ ਪੁਲਸ ਛਾਉਣੀ ਚ ਤਬਦੀਲ ਕਰ ਦਿੱਤਾ ਗਿਆ ਸੀ।
ਮੌਕੇ ਤੇ ਪਹੁੰਚੇ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਕਾਲਾ ਸੇਖੋਂ ਜੋ ਆਪਣੀ ਮਾਸੀ ਕੋਲ ਰਹਿ ਰਿਹਾ ਸੀ ਫ਼ਰੀਦਕੋਟ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਸੀ ਇਸ ਦੌਰਾਨ ਗੈਂਗਸਟਰ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਗਈ ਜਿਸ ਨੂੰ ਇਲਾਜ ਲਈ ਬਠਿੰਡਾ 'ਚ ਲਿਆਂਦਾ ਗਿਆ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ ਇੱਕ ਦਰਜਨ ਮਾਮਲੇ ਵਿੱਚ ਕਾਲਾ ਸੇਖੋਂ ਪੁਲਿਸ ਨੂੰ ਲੋੜੀਂਦਾ ਹੈ।
ਉਧਰ ਦੂਸਰੇ ਪਾਸੇ ਇਲਾਜ ਅਧੀਨ ਗੈਂਗਸਟਰ ਕਾਲਾ ਸੇਖੋਂ ਨੇ ਦੱਸਿਆ ਕਿ ਲਗਾਤਾਰ ਪੁਲਿਸ ਵਲੋਂ ਉਸ ਦਾ ਪਿੱਛਾ ਕੀਤਾ ਗਿਆ ਅਤੇ ਇਸ ਦੌਰਾਨ ਉਸ ਤੇ ਗੋਲੀਆਂ ਚਲਾਈਆਂ ਗਈਆਂ ਗੈਂਗਸਟਰ ਦਾ ਕਹਿਣਾ ਹੈ ਕਿ ਉਸ ਵੱਲੋਂ ਕਿਸੇ ਨੂੰ ਕੋਈ ਹਥਿਆਰ ਸਪਲਾਈ ਨਹੀਂ ਕੀਤੇ ਗਏ ਬਲਕਿ ਪੁਲੀਸ ਵਾਲੇ ਉਸ ਨੂੰ ਨਾਜਾਇਜ਼ ਹੀ ਫਸਾ ਰਹੇ ਹਨ ਅਤੇ ਤੰਗ ਪ੍ਰੇਸ਼ਾਨ ਕਰ ਰਹੇ ਹਨ। ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਕਾਲਾ ਸੇਖੋਂ ਦੇ ਪੱਟ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋਂ : ਪੰਜਾਬ ਪੁਲਿਸ ‘ਚ ਭਰਤੀ ਤੇ ਗੈਂਗਸਟਰਾਂ ਨੂੰ ਲੈਕੇ DGP ਦਾ ਵੱਡਾ ਬਿਆਨ
ਇੱਥੇ ਦੱਸਣਯੋਗ ਹੈ ਕਿ ਮਨਜਿੰਦਰ ਸਿੰਘ ਉਰਫ ਕਾਲਾ ਸੇਖੋਂ ਖਿਲਾਫ ਵੱਖ ਵੱਖ ਥਾਣਿਆਂ ਵਿਚ ਕਤਲ ਇਰਾਦਾ ਕਤਲ ਅਤੇ ਹੋਰ ਕਈ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਹਨ।