ਬਠਿੰਡਾ: ਸਿਵਲ ਹਸਪਤਾਲ ਦੇ ਇੱਕ ਸੀਨੀਅਰ ਲੈਬ ਟੈਕਨੀਸ਼ੀਅਨ ਵੱਲੋਂ ਥੈਲੀਸੀਮੀਆ ਦੇ ਇੱਕ ਮਰੀਜ਼ ਬੱਚੇ ਨੂੰ ਐੱਚ.ਆਈ.ਵੀ ਵਾਲਾ ਖ਼ੂਨ ਚੜ੍ਹਾਉਣ ਦੇ ਮਾਮਲੇ ਵਿੱਚ ਸਿਵਲ ਸਰਜਨ ਨੇ ਰਿਪੋਰਟ ਪੁਲਿਸ ਨੂੰ ਦੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਸੀਨੀਅਰ ਲੈਬ ਟੈਕਨੀਸ਼ੀਅਨ ਵਜੋਂ ਤਾਇਨਾਤ ਬਲਦੇਵ ਸਿੰਘ ਰੋਮਾਣਾ ਉੱਤੇ ਹੁਣ ਪੁਲਿਸ ਨੇ ਧਾਰਾ 307 ਦਾ ਮਾਮਲਾ ਵੀ ਦਰਜ ਕਰ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਬਲਦੇਵ ਰੋਮਾਣਾ ਸੀਨੀਅਰ ਲੈਬ ਟੈਕਨੀਸ਼ੀਅਨ ਨੇ ਸਿਵਲ ਹਸਪਤਾਲ ਬਠਿੰਡਾ ਵਿੱਚ ਇਲਾਜ਼ ਦੇ ਲਈ ਆਈ ਇੱਕ ਬੱਚੀ ਨੂੰ ਐੱਚ.ਆਈ.ਵੀ ਵਾਲਾ ਖ਼ੂਨ ਚੜ੍ਹਾ ਦਿੱਤਾ ਸੀ, ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਭੱਖ ਗਿਆ।
ਮੀਡੀਆ ਵਿੱਚ ਮਾਮਲਾ ਆਉਣ ਤੋਂ ਤੁਹੰਤ ਬਾਅਦ ਸਿਵਲ ਸਰਜਨ ਨੇ ਇਸ ਮਾਮਲੇ ਨੂੰ ਲੈ ਕੇ ਇੱਕ ਪੜਤਾਲੀਆ ਕਮੇਟੀ ਤਿਆਰ ਕੀਤੀ ਅਤੇ ਇਸ ਮਾਮਲੇ ਦੀ ਰਿਪੋਰਟ ਤਿਆਰ ਕਰਨ ਨੂੰ ਕਿਹਾ। ਜਿਸ ਦੀ ਰਿਪੋਰਟ ਅੱਜ ਆਈ ਹੈ ਅਤੇ ਪੁਲਿਸ ਨੇ ਵੀ ਦੋਸ਼ੀ ਬਲਦੇਵ ਰੋਮਾਣਾ ਵਿਰੁੱਧ ਹੁਣ ਧਾਰਾ 307 ਵੀ ਲਾ ਦਿੱਤੀ ਹੈ।
ਮਾਮਲੇ ਬਾਰੇ ਪੂਰੀ ਜਾਣਕਾਰੀ ਦਿੰਦਿਆ ਡੀਐੱਸਪੀ ਸਿਟੀ-1 ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਪੜਤਾਲ ਤੋਂ ਬਾਅਦ ਦੋਸ਼ੀ ਬਲਦੇਵ ਸਿੰਘ ਰੋਮਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਧਾਰਾ 307 ਜੋੜ ਦਿੱਤੀ ਹੈ। ਡੀਐਸਪੀ ਰੋਮਾਣਾ ਨੇ ਦੱਸਿਆ ਕਿ ਦੋਸ਼ੀ ਤੋਂ ਪੁਲਿਸ ਪੁੱਛ-ਪੜਤਾਲ ਕਰੇਗੀ ਅਤੇ ਜਾਂਚ ਤੋਂ ਬਾਅਦ ਚਾਹੇ ਸੀਨੀਅਰ ਜਾਂ ਫ਼ਿਰ ਜੂਨੀਅਰ ਕਰਮਚਾਰੀ ਹੋਵੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।