ਬਠਿੰਡਾ: ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਬਠਿੰਡਾ 'ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਜੋ ਮਿਲ ਕੇ ਸਿੱਖਾਂ ਦੇ ਉੱਤੇ ਸਿਆਸਤ ਖੇਡ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਬੇਅਦਬੀ ਕਾਂਡ ਦੇ ਦੋਸ਼ੀ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹੋਣ ਭਾਵੇਂ ਸਿੱਖਾਂ 'ਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮ ਹੋਣ, ਭਾਵੇਂ ਉਹ ਬਾਦਲ ਪਰਿਵਾਰ ਹੋਵੇ ਉਨ੍ਹਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਅਤੇ ਕਾਂਗਰਸ ਸਰਕਾਰ ਹਮੇਸ਼ਾ ਸਿੱਖਾਂ ਦੇ ਵਿਰੁੱਧ ਖੜ੍ਹੀ ਹੋਈ ਹੈ।
ਦੂਜੇ ਪਾਸੇ ਉਨ੍ਹਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਬਾਰੇ ਬੋਲਦੇ ਹੋਏ ਕਿਹਾ ਕਿ ਜਦੋਂ ਰਾਜੋਆਣਾ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਗਈ ਸੀ ਤਾਂ ਬਾਦਲ ਪਰਿਵਾਰ ਇਸ ਦਾ ਸਿਹਰਾ ਆਪਣੇ ਸਿਰ ਲੈ ਰਿਹਾ ਸੀ। ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜੋਆਣਾ ਦੇ ਫੈਸਲੇ 'ਤੇ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਸ ਫੈਸਲੇ ਤੋਂ ਬਾਅਦ ਸਿੱਖਾਂ ਦੇ ਨਾਲ ਧੋਖਾ ਹੋਇਆ ਹੈ ਤੇ ਬਾਦਲ ਪਰਿਵਾਰ ਸਮਝ ਲਵੇ ਕਿ ਕੇਂਦਰ ਸਰਕਾਰ ਨਾਲ ਉਨ੍ਹਾਂ ਦਾ ਕਿਹੋ ਜਿਹਾ ਰਿਸ਼ਤਾ ਹੋਵੇਗਾ ਉਹ ਸਮੁੱਚੀ ਸਿੱਖ ਕੌਮ ਨੂੰ ਇਸ ਦਾ ਜਵਾਬ ਦੇਣ?
ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੁਸਲਮਾਨ ਭਾਈਚਾਰੇ ਦੀ ਆਵਾਜ਼ ਚੁੱਕਣ ਵਾਲਾ ਅਫਜ਼ਲ ਗੁਰੂ ਨੂੰ ਵੀ ਕੇਂਦਰ ਸਰਕਾਰ ਵੱਲੋਂ ਰਾਤੋਂ ਰਾਤ ਫਾਂਸੀ ਦੇ ਦਿੱਤੀ ਗਈ ਸੀ, ਉਸੇ ਤਰੀਕੇ ਨਾਲ ਸਿੱਖਾਂ ਨੂੰ ਵੀ ਡਰ ਹੈ ਕਿ ਕਿਤੇ ਰਾਜੋਆਣਾ ਨੂੰ ਵੀ ਇਸੇ ਤਰੀਕੇ ਨਾਲ ਨਾ ਕਰ ਦਿੱਤਾ ਜਾਵੇ ਅਤੇ ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਜੋ ਸਿੱਖ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਵੀ ਕੇਂਦਰ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ ਇਹ ਸਿੱਖਾਂ ਦੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ।
ਉਨ੍ਹਾਂ ਨੇ ਕਿਹਾ ਹੈ ਕਿ ਅੱਜ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਬੀਜੇਪੀ, ਆਰ ਐਸ ਐਸ ਅਤੇ ਅਕਾਲੀ ਦਲ ਪਾਰਟੀ ਆਪਸ ਵਿੱਚ ਰਲੀਆਂ ਹੋਈਆਂ ਪਾਰਟੀਆਂ ਹਨ ਜੋ ਇੱਕ ਦੂਜੇ ਦੇ ਭੇਤ ਛੁਪਾਉਣ ਦੇ ਲਈ ਇਹ ਅੰਦਰੂਨੀ ਫੈਸਲੇ ਲੈਂਦੀਆਂ ਹਨ।