ਬਠਿੰਡਾ: ਜ਼ਿਲ੍ਹੇ ਦੇ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਰਹਿਣ ਵਾਲੀ ਇੱਕ ਮਹਿਲਾ ਨੇ ਇੱਕ ਵਿਅਕਤੀ ਦੇ ਨਾਲ ਮਿਲ ਕੇ ਦੋ ਬੱਚਿਆਂ ਨੂੰ ਕਿਡਨੈਪ ਕਰ ਲਿਆ। ਕਤਲ ਦੀ ਮੰਸ਼ਾ ਨਾਲ ਬੱਚਿਆਂ ਨੂੰ ਕਿਡਨੈਪ ਕਰ ਅਣਪਛਾਤੀ ਥਾਂ 'ਤੇ ਲੈ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਕੈਂਟ ਦੀ ਪੁਲਿਸ ਹਰਕਤ ਵਿੱਚ ਆਈ ਅਤੇ ਮੌਕੇ 'ਤੇ ਪਹੁੰਚ ਮਾਮਲੇ ਨੂੰ ਸੁਲਝਾਇਆ।
ਐੱਸਐੱਚਓ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 17 'ਚ ਵੀਰਵਾਰ ਦੇਰ ਰਾਤ ਇਸ ਘਟਨਾ ਦੀ ਸਾਜਿਸ਼ ਰਚੀ ਗਈ। ਉਨ੍ਹਾਂ ਕਿਹਾ ਕਿ ਘਰ ਦੇ ਗੇਟ ਨੂੰ ਬੰਦ ਕਰਨ ਨੂੰ ਲੈ ਕੇ ਦੋ ਪਰਿਵਾਰਾਂ 'ਚ ਵਿਵਾਦ ਸ਼ੁਰੂ ਹੋਇਆ ਸੀ। ਊਸ਼ਾ ਨਾਂਅ ਦੀ ਮਹਿਲਾ ਦੀ ਸ਼ਬਨਮ ਨਾਂਅ ਦੀ ਮਹਿਲਾ ਨਾਲ ਬਹਿਸ ਹੋਈ। ਜਿਸ ਤੋਂ ਬਾਅਦ ਸ਼ਬਨਮ ਨੇ ਆਪਣੀ ਸਹੇਲੀ ਦੇ ਭਰਾ ਕਾਕਾ ਸਿੰਘ ਨਾਲ ਮਿਲ ਕੇ ਊਸ਼ਾ ਦੇ 2 ਬੱਚਿਆਂ ਨੂੰ ਅਗਵਾ ਕਰ ਲਿਆ।
ਸ਼ਬਨਮ ਨੇ ਉਸ਼ਾ ਦੇ 4 ਸਾਲਾ ਲੜਕੀ ਅਤੇ ਢਾਈ ਸਾਲ ਦੇ ਲੜਕੇ ਨੂੰ ਅਗਵਾਹ ਕੀਤਾ। ਜਾਣਕਾਰੀ ਮਿਲਣ ਤੋਂ ਬਾਅਦ ਦੋਨਾਂ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਫ਼ਿਲਹਾਲ ਪੁਲਿਸ ਨੇ ਬੱਚਿਆਂ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।