ਤਲਵੰਡੀ ਸਾਬੋ: ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਬਾਰਡਰਾਂ ’ਤੇ ਡਟੇ ਹੋਏ ਨੇ ਉੱਥੇ ਹੀ ਦੂਜੇ ਪਾਸੇ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮੱਲਵਾਲਾ ਤੋਂ ਮੰਦਭਾਗੀ ਖ਼ਬਰ ਆਈ ਹੈ, ਜਿੱਥੇ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਖ਼ੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਬਲਜੀਤ ਸਿੰਘ ਕੋਲ 5 ਏਕੜ ਜਮੀਨ ਸੀ ਤੇ ਮ੍ਰਿਤਕ ਕਿਸਾਨ ਸਿਰ ਕਰੀਬ 7 ਲੱਖ ਰੁਪਏ ਦਾ ਕਰਜ਼ਾ ਸੀ।
ਪਿੰਡ ਵਾਸੀਆਂ ਨੇ ਦੱਸਿਆਂ ਕਿ ਕਿਸਾਨ ਬਲਜੀਤ ਸਿੰਘ ਮਜ਼ਦੂਰੀ ਕਰ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਸੀ, ਤੇ ਉਹ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ। ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਦੇਰ ਸ਼ਾਮ ਖੇਤ ਜਾ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਨੂੰ ਪਤਾ ਲੱਗਣ ਉਪਰੰਤ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਉਥੇ ਹੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਕਿਸਾਨ ਦੀ ਮੌਤ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਥੇ ਹੀ ਸਰਕਾਰ ਤੋਂ ਮੰਗ ਕੀਤੀ ਹੈ ਕੀ ਕਿਸਾਨ ਦਾ ਪੂਰਨ ਕਰਜ਼ ਮੁਆਫ਼ ਕਰ ਦਿੱਤਾ ਜਾਵੇ, ਤੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ। ਉਧਰ ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਕਿਸਾਨ ਦੇ ਭਰਾ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।