ਬਠਿੰਡਾ : ਪੰਜਾਬ ਸਰਕਾਰ ਵੱਲੋਂ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਕਰਵਾਉਣ ਤੋਂ ਬਾਅਦ ਲਗਾਤਾਰ ਰਾਸ਼ਨ ਕਾਰਡ ਕੱਟੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਬਠਿੰਡਾ ਵਿੱਚ ਤਾਜ਼ੀ ਘਟਨਾ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਰਾਸ਼ਨ ਕਾਰਡ ਕੱਟੇ ਜਾਣ ਤੋਂ ਖ਼ਫ਼ਾ ਇਕ ਨੌਜਵਾਨ ਸਭਾ ਲੈ ਕੇ ਡੀਪੂ ਹੋਲਡਰ ਦੇ ਬਤੌਰ ਹੈਲਪਰ ਕੰਮ ਕਰ ਰਹੇ ਨੌਜਵਾਨ ਦੇ ਘਰ ਜਾ ਵੜਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਪ੍ਰਤੱਖਦਰਸ਼ੀਆਂ ਵਿਚੋਂ, ਸੀਮਾ ਨੇ ਦੱਸਿਆ ਕਿ ਅਸ਼ਵਨੀ ਚਾਵਲਾ ਨਾਮਕ ਨੌਜਵਾਨ ਦਾ ਰਾਸ਼ਨ ਕਾਰਡ ਕੱਟਿਆ ਗਿਆ ਸੀ, ਜਿਸ ਤੋਂ ਖਫਾ ਹੋ ਅਸ਼ਵਨੀ ਸ਼ਰਮਾ ਵੱਲੋਂ ਸੁਰਿੰਦਰ ਪਾਲ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਦੀ ਵੀਡੀਓ ਵੀ ਬਣੀ ਹੋਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ : ਉਧਰ ਡੀਪੂ ਹੋਲਡਰ ਸੁਰਿੰਦਰਪਾਲ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ, ਪਰ ਇਸ ਦੌਰਾਨ ਹੀ ਅਸ਼ਵਨੀ ਚਾਵਲਾ ਦਾ ਰਾਸ਼ਨ ਕਾਰਡ ਕੱਟਿਆ ਗਿਆ। ਇਸ ਸਬੰਦੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਤੈਸ਼ ਵਿੱਚ ਆ ਗਿਆ ਅਤੇ ਘਰ ਤੋਂ ਟੰਬਾ ਚੱਕ ਲਿਆਇਆ ਅਤੇ ਹਮਲਾ ਕਰ ਦਿੱਤਾ। ਉਨ੍ਹਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਅਤੇ ਹਮਲਾਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : Withdrawal of Army from Valley: ਕਸ਼ਮੀਰ ਘਾਟੀ ਤੋਂ ਫੌਜ ਦੀ ਵਾਪਸੀ ਉਤੇ ਸਰਕਾਰ ਬਣਾ ਰਹੀ ਵੱਡੀ ਰਣਨੀਤੀ
ਮੈਂ ਨਹੀਂ ਕੀਤਾ ਡੀਪੂ ਹੋਲਡਰ ਉਤੇ ਹਮਲਾ : ਉਧਰ ਦੂਜੇ ਪਾਸੇ ਹਮਲਾ ਕਰਨ ਵਾਲੇ ਅਸ਼ਵਨੀ ਚਾਵਲਾ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਰਾਸ਼ਨ ਕਾਰਡ ਕੱਟੇ ਜਾਣ ਕਾਰਨ ਡਿਪੂ ਹੋਲਡਰ ਨਾਲ ਬਹਿਸਬਾਜ਼ੀ ਹੋਇ ਸੀ ਅਤੇ ਡੀਪੂ ਹੋਲਡਰ ਵੱਲੋਂ ਉਨ੍ਹਾਂ ਉੱਪਰ ਹਮਲਾ ਕੀਤਾ ਗਿਆ ਸੀ। ਅੱਜ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਹਮਲਾ ਡਿਪੂ ਹੋਲਡਰ ਉੱਪਰ ਨਹੀਂ ਕੀਤਾ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਮੁਹੰਮਦ ਯੂਸਫ਼ ਨੇ ਦੱਸਿਆ ਕਿ ਸੁਰਿੰਦਰਪਾਲ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਹੈ। ਵੀਡੀਓ ਦੇਖ ਕੇ ਜੋ ਵੀ ਤੱਤ ਸਾਹਮਣੇ ਆਉਣਗੇ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।