ਬਠਿੰਡਾ: ਪੰਜਾਬ ਵਿੱਚ ਅੱਜ ਕੱਲ੍ਹ ਕਾਨੂੰਨ ਨਾਂਅ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਹੈ ਅਤੇ ਹੁਣ ਬਠਿੰਡਾ ਵਿੱਚ ਬੇਖੌਫ਼ ਲੋਕਾਂ ਨੇ ਅਜਿਹਾ ਕਾਰਾ ਕਰ ਦਿੱਤਾ ਜਿਸ ਨੇ ਇੱਕ ਵਾਰ ਫੇਰ ਤੋਂ ਕਾਨੂੰਨ ਦੇ ਰਾਖਿਆਂ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ ਜ਼ਿਲ੍ਹੇ ਦੇ ਐੱਸਐੱਸਪੀ ਦਫ਼ਤਰ ਨੇੜੇ ਐਸਟੀਐਫ ਦੇ ਇੰਚਾਰਜ ਦਲਜੀਤ ਸਿੰਘ ਬਰਾੜ ਦੇ ਗੰਨਮੈਨ ਅਤੇ ਹੋਮਗਾਰਡ ਦੇ ਜਵਾਨ ਵਿਜੈ ਕੁਮਾਰ ਤੋਂ ਕੁਝ ਲੋਕਾਂ ਨੇ ਅਸਲਾ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਪੂਰੀ ਘਟਨਾ ਦੀ ਪੁਸ਼ਟੀ ਐਸਪੀਡੀ ਆਈਪੀਐਸ ਅਜੈ ਗਾਂਧੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸਲਾ ਖੋਹਣ ਵਾਲਿਆ ਦੀ ਪਛਾਣ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜ ਮੁਲਜ਼ਮ ਗ੍ਰਿਫ਼ਤਾਰ: ਦੂਜੇ ਪਾਸੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਨੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ ਅਤੇ ਇਹ ਅਸਲਾ ਮਾਨਸਾ ਜ਼ਿਲੇ ਦੇ ਕਸਬਾ ਸਰਦੂਲਗੜ੍ਹ ਤੋਂ ਬਰਾਮਦ ਕੀਤਾ ਗਿਆ ਹੈ। ਜਿਸ ਸਬੰਧੀ ਮਾਨਸਾ ਪੁਲਿਸ ਵੱਲੋਂ ਵੱਖਰੇ ਤੌਰ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।
ਥਾਣੇਂ ਵਿੱਚੋਂ ਪਹਿਲਾਂ ਵੀ ਹੋਇਆ ਅਸਲਾ ਗਾਇਬ: ਦੱਸ ਦਈਏ ਕਿ ਬਠਿੰਡਾ ਵਿੱਚ ਪੁਲਿਸ ਦੀ ਹਾਜ਼ਰੀ ਅੰਦਰ ਅਸਲਾ ਗਾਇਬ ਹੋਣ ਦਾ ਮਾਮਲਾ ਨਵਾਂ ਨਹੀਂ ਹੈ ਇਸ ਤੋਂ ਪਹਿਲਾਂ ਵੀ ਥਾਣਿਆਂ ਵਿਚ ਪਿਆ ਅਸਲਾ ਗਾਇਬ ਹੋ ਚੁੱਕਾ ਹੈ। ਦਰਅਸਲ ਬਠਿੰਡਾ ਦੇ ਦਿਆਲਪੁਰਾ ਥਾਣੇ ਵਿੱਚ ਇੱਕ ਸਾਲ ਦੇ ਅੰਦਰ ਲੋਕਾਂ ਵੱਲੋਂ ਜਮਾਂ ਕਰਵਾਏ ਗਏ 9 ਅਸਲੇ ਥਾਣੇ ਵਿੱਚੋਂ ਗੁੰਮ ਹੋ ਗਏ ਸਨ।
ਨਹੀਂ ਹੋਈ ਕਾਰਵਾਈ: ਇਹ ਮਾਮਲਾ ਉਦੋਂ ਉਜਾਗਰ ਹੋਇਆ ਸੀ ਜਦੋਂ ਥਾਣਾ ਦਿਆਲਪੁਰਾ ਵਿੱਚ ਜਮ੍ਹਾਂ ਕਰਵਾਇਆ ਗਿਆ ਅਸਲਾ ਨਸ਼ਾ ਤਸਕਰ ਕੋਲੋਂ ਬਰਾਮਦ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੁਲਿਸ ਵੱਲੋਂ ਜਾਂਚ ਦੇ ਨਾਮ ਉਪਰ ਲੀਪਾਪੋਤੀ ਕੀਤੀ ਗਈ ਸੀ। ਕਰੀਬ ਇੱਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਵੱਲੋਂ ਹਾਲੇ ਤੱਕ ਇਹ ਗੱਲ ਸਪੱਸ਼ਟ ਨਹੀਂ ਕੀਤੀ ਗਈ ਕਿ ਕਿਸ ਤਰ੍ਹਾਂ ਥਾਣਾ ਦਿਆਲਪੁਰਾ ਦੇ ਮਾਲਖਾਨੇ ਵਿੱਚੋਂ 9 ਅਸਲੇ ਗਾਇਬ ਹੋ ਗਏ ਅਸਲੇ ਗਾਇਬ ਹੋਣ ਦੀ ਪੁਸ਼ਟੀ ਰਾਮਪੁਰਾ ਦੇ ਡੀ ਐਸ ਪੀ ਨੇ ਕੀਤੀ ਸੀ।