ਬਠਿੰਡਾ: ਸ਼ਹਿਰ ਦੀਆਂ ਜ਼ਿਆਦਾਤਰ ਸਕੂਲ ਵੈਨਾਂ ਦੀ ਹਾਲਤ ਖ਼ਸਤਾ ਹੋਈ ਪਈ ਹੈ। ਪੰਜਾਬ ਦੇ ਵਿੱਤ ਮੰਤਰੀ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਸਕੂਲਾਂ ਦੀ ਵੈਨਾਂ ਨੂੰ ਚੈੱਕ ਕੀਤਾ ਜਾਵੇ ਅਤੇ ਕਮੀ ਪਾਈ ਜਾਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਬਠਿੰਡਾ ਦੇ ਸਾਰੇ ਥਾਣਾ ਮੁਖੀਆਂ ਨੂੰ ਇਸ ਬਾਬਤ ਲਿਖਿਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦੇ ਹੋਏ ਡਾ. ਨਾਨਕ ਸਿੰਘ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ ਸਕੂਲੀ ਵੈਨਾਂ ਨੂੰ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਹ ਵੀ ਸਾਫ ਨਿਰਦੇਸ਼ ਜਾਰੀ ਕੀਤੇ ਹਨ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸੰਗਰੂਰ ਦੀ ਘਟਨਾ ਤੋਂ ਬਾਅਦ ਵਿੱਤ ਮੰਤਰੀ ਨੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਜ਼ਿਲ੍ਹੇ ਦੇ ਸਾਰੇ ਸਕੂਲ ਪ੍ਰਬੰਧਕਾਂ ਨਾਲ ਬੈਠਕ ਕੀਤੀ ਜਾਵੇ। ਸਕੂਲ ਵੈਨ ਵਿੱਚ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਵਿੱਤ ਮੰਤਰੀ ਬਾਦਲ ਨੇ ਕਿਹਾ ਕਿ ਹਰੇਕ ਸਕੂਲ ਪ੍ਰਬੰਧਕ ਬੱਸਾਂ ਵਿੱਚ ਹਰ ਉਹ ਜ਼ਰੂਰੀ ਉਪਕਰਨ ਦਾ ਪ੍ਰਯੋਗ ਕਰਨ ਜੋ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਹੋਵੇ। ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਨੂੰ ਚਾਹੀਦਾ ਕਿ ਹਰ ਹਫ਼ਤੇ ਆਪਣੇ ਸਕੂਲ ਦੀਆਂ ਬੱਸਾਂ ਨੂੰ ਚੈੱਕ ਕਰਨ ਅਤੇ ਬੱਸ ਡਰਾਇਵਰ ਦੀ ਜ਼ਿੰਮੇਵਾਰੀ ਲਾਈ ਜਾਵੇ। ਜੇਕਰ ਕੋਈ ਵੀ ਸਕੂਲ ਬੱਸ ਡਰਾਈਵਰ ਨਿਯਮਾਂ ਦੀ ਪਾਲਣਾ ਨਹੀ ਕਰਦਾ ਤਾਂ ਸਕੂਲ ਪ੍ਰਬੰਧਕ ਤੁਰੰਤ ਉਸ 'ਤੇ ਕਾਰਵਾਈ ਕਰਨ।
ਇਸ ਦੌਰਾਨ ਉਨ੍ਹਾਂ ਬੱਚਿਆ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਹਰ ਮਾਪੇ ਨਿੱਜੀ ਤੌਰ 'ਤੇ ਵੀ ਸਕੂਲ ਵੈਨਾ ਦੀ ਨਿਗਰਾਨੀ ਕਰਨ।