ਬਰਨਾਲਾ: ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਬਰਨਾਲਾ ਵਿਖੇ ਸਾਬਕਾ ਸੈਨਿਕ ਵਿੰਗ ਅਕਾਲੀ ਦਲ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਦੇ ਘਰ ਪਹੁੰਚੇ। ਇਸ ਮੌਕੇ ਗੱਲਬਾਤ ਕਰਦੇ ਹੋਏ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨ ਹਿਤੈਸ਼ੀ ਰਿਹਾ ਹੈ ਪਰ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨ ਵਿਰੋਧੀ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ 73 ਸਾਲਾਂ ਵਿੱਚ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕਾਂਗਰਸ ਪਾਰਟੀ ਨੇ ਕੀਤਾ ਹੈ। ਪੰਜਾਬ ਦੇ ਪਾਣੀ ਲੁੱਟ ਕੇ ਰਾਜਸਥਾਨ ਅਤੇ ਹਰਿਆਣਾ ਨੂੰ ਦਿੱਤੇ ਗਏ। ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਖੋਹੇ ਗਏ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਟੈਕਸ ਮਾਫ ਕੀਤੇ ਗਏ, ਬਿਜਲੀ ਬਿੱਲ ਮਾਫ਼ ਕੀਤੇ ਗਏ। ਫ਼ਸਲਾਂ ਦੇ ਪੱਕੇ ਭਾਅ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ 1967 ਵਿੱਚ ਲਾਗੂ ਕੀਤੇ ਗਏ। ਕਿਸਾਨੀ ਲਈ ਜੋ ਵੀ ਸੰਘਰਸ਼ ਲੜਿਆ ਉਹ ਸ਼੍ਰੋਮਣੀ ਅਕਾਲੀ ਦਲ ਹੀ ਲੜਿਆ ਹੈ।
ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਆਰਡੀਨੈਂਸ ਸਬੰਧੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪਹਿਲਾਂ ਹੀ ਅਗਸਤ 2017 ਵਿੱਚ ਅਜਿਹੇ ਬਿੱਲ ਪਾਸ ਕਰ ਦਿੱਤੇ ਸਨ। ਜਨਵਰੀ 2020 ਵਿੱਚ ਓਪਨ ਮੰਡੀ ਬਿੱਲ ਵੀ ਪਾਸ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਵਕਤ ਸਭ ਤੋਂ ਵੱਧ ਰੌਲਾ ਫਸਲਾਂ ਦੇ ਪੱਕੇ ਭਾਅ ਐਮਐਸਪੀ ਦਾ ਪੈ ਰਿਹਾ ਹੈ। ਪਹਿਲਾਂ ਵੀ ਫਸਲਾਂ ਦੀ ਖਰੀਦ ਕਿਸੇ ਐਕਟ ਅਧੀਨ ਨਹੀਂ ਹੈ। ਕੇਂਦਰੀ ਕੈਬਨਿਟ ਵੱਲੋਂ ਪਾਸ ਕੀਤੇ ਗਏ ਇੱਕ ਮਤੇ ਤੋਂ ਬਾਅਦ ਹੀ ਇਹ ਖਰੀਦ ਸ਼ੁਰੂ ਕੀਤੀ ਗਈ ਸੀ। ਹੁਣ ਵੀ ਕੇਂਦਰੀ ਮੰਤਰੀ ਵੱਲੋਂ ਦੋ ਵਾਰ ਐਮਐਸਪੀ ਖਤਮ ਨਾ ਕਰਨ ਸਬੰਧੀ ਕਿਹਾ ਜਾ ਚੁੱਕਿਆ ਹੈ ਪਰ ਜੇਕਰ ਫਿਰ ਵੀ ਐਮਐਸਪੀ ਖਤਮ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਲੜੇਗਾ। ਜੇਕਰ ਲੋੜ ਪਈ ਤਾਂ ਕੇਂਦਰੀ ਵਜ਼ਾਰਤ ਛੱਡ ਕੇ ਭਾਈਵਾਲੀ ਵੀ ਤਿਆਗਣ ਲਈ ਤਿਆਰ ਹਾਂ।
ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਵਧ ਰਹੇ ਰੇਟਾਂ ਸਬੰਧੀ ਉਨ੍ਹਾਂ ਕਿਹਾ ਕਿ ਇਹ ਬਹੁਤ ਗਲਤ ਹੈ। ਇਸ ਦਾ ਸਭ ਤੋਂ ਵੱਧ ਭਾਰ ਆਮ ਜਨਤਾ ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੀ 42 ਪ੍ਰਤੀਸ਼ਤ ਟੈਕਸ ਤੇਲ 'ਤੇ ਲਗਾ ਰਹੀ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਇਹ ਟੈਕਸ ਖ਼ਤਮ ਕਰ ਦਿੰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਕੇਂਦਰ ਵਿੱਚ ਇਸ ਸਬੰਧੀ ਆਵਾਜ਼ ਉਠਾਏਗਾ ਪਰ ਪਹਿਲ ਕੈਪਟਨ ਸਰਕਾਰ ਨੂੰ ਕਰਨੀ ਚਾਹੀਦੀ ਹੈ। ਬਿਜਲੀ ਸੋਧ ਬਿੱਲ ਸਬੰਧੀ ਮਲੂਕਾ ਨੇ ਕਿਹਾ ਕਿ ਇਹ ਕਿਸਾਨਾਂ ਲਈ ਨੁਕਸਾਨਦਾਇਕ ਹੋਵੇਗਾ, ਜਿਸ ਲਈ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰੇਗਾ।